ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਦਸੰਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਧਰਨਾ 74ਵੇਂ ਦਿਨ ਜਾਰੀ ਰਿਹਾ। ਇਸੇ ਦੌਰਾਨ ਲੇਹਲ ਖੁਰਦ ਦੇ ਵੀਰ ਚੱਕਰ ਵਿਜੇਤਾ ਸ਼ਹੀਦ ਗੁਰਜੰਟ ਸਿੰਘ ਨੂੰ ਸਮਰਪਿਤ ਸ਼ਰਧਾਂਜਲੀ ਅਤੇ ਨਾਟਕਾਂ ਦਾ ਮੰਚਨ ਕੀਤਾ ਗਿਆ। ਇਸ ਮੌਕੇ ਚੇਤਨਾ ਮੰਚ ਬਰਨਾਲਾ ਨੇ ਸਰਦਾਰ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੇ ਅਧਾਰਿਤ ਛਿਪਣ ਤੋਂ ਪਹਿਲਾਂ, ਪੰਜਾਬ ਸਿਓਂ ਨਾਟਕ ਅਤੇ ਕੋਰੋਗਰਾਫੀ ਪੇਸ਼ ਕਰਕੇ ਲੋਕਾਂ ਦੇ ਖੂਨ ਨੂੰ ਗਰਮਾਇਆ।
ਇਸ ਮੌਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਨੇ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਕਾਲੇ ਕਾਨੂੰਨਾਂ ਖਿਲਾਫ਼ ਘੋਲ ਨੂੰ ਉਲਝਾਉਣ ਦੀਆਂ ਸਾਜ਼ਿਸ਼ਾ ਹੋ ਰਹੀਆਂ ਹਨ। 14 ਦਸੰਬਰ ਨੂੰ ਪੰਜਾਬ ਦੇ ਸਾਰੇ ਡੀਸੀ ਦਫਤਰਾਾਂ ਅੱਗੇ ਧਰਨੇ ਲਾਏ ਜਾਣਗੇ। ਕਿਸਾਨ ਆਗੂ ਹਰਜਿੰਦਰ ਸਿੰਘ ਨੰਗਲਾ, ਹਰਸੇਵਕ ਸਿੰਘ ਲਹਿਲ ਖੁਰਦ, ਜਗਸੀਰ ਸਿੰਘ ਖੰਡੇਬਾਦ, ਰਾਮਚੰਦ ਸਿੰਘ, ਗੋਗੀ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਕੇ ਲੋਕਾਂ ਨੂੰ ਕਾਲੇ ਕਾਨੂੰਨਾਂ ਖਿਲਾਫ਼ ਧਰਨਿਆਂ ਵਿੱਚ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ।