ਰਮੇਸ਼ ਭਾਰਦਵਾਜ
ਲਹਿਰਾਗਾਗਾ, 19 ਫਰਵਰੀ
ਲਹਿਰਾਗਾਗਾ ਨਗਰ ਕੌਂਸਲ ਚੋਣਾਂ ਦੇ ਨਤੀਜੇ ਬਦਲਣ ਖ਼ਿਲਾਫ਼ ਤੀਜੇ ਦਿਨ ਵੀ ਲੋਕ ਰੋਹ ਭਖ਼ਿਆ ਰਿਹਾ ਅਤੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਤੇ ਪੁਲੀਸ ਦੀ ਹਿਦਾਇਤ ’ਤੇ ਲੋਕਾਂ ਵੱਲੋਂ ਰੋਕੇ ਈਵੀਐੱਮ ਵਾਲੇ ਟਰੱਕ ਨੂੰ ਪੂਰੀ ਸੁਰੱਖਿਆ ਨਾਲ ਖਾਲੀ ਕਰਕੇ ਲੰਘੀ ਰਾਤ ਏਵੀਐਮ ਨੂੰ ਬਾਬਾ ਹੀਰਾ ਸਿੰਘ ਭੱਠਲ ਕਾਲਜ ’ਚ ਬਣੇ ਸਟਰਾਂਗ ਰੂਮ ’ਚ ਰੱਖਵਾ ਦਿੱਤਾ ਹੈ। ਲੋਕਾਂ ਵੱਲੋ ਰੋਕੇ ਟਰੱਕ ਨੂੰ ਖਾਲੀ ਕਰਕੇ ਵਾਪਸ ਭੇਜ ਦਿੱਤਾ ਹੈ ਪਰ ਤੀਜੇ ਦਿਨ ਦੁਪਿਹਰ 12 ਵਜੇ ਤੱਕ ਉਸੇ ਸਥਾਨ ’ਤੇ ਧਰਨਾ ਲਗਾਤਾਰ ਜਾਰੀ ਹੈ। ਤਹਿਸੀਲਦਾਰ ਸੁਰਿੰਦਰ ਸਿੰਘ ਅਤੇ ਉਪ ਪੁਲੀਸ ਕਪਤਾਨ ਰਛਪਾਲ ਸਿੰੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀ ਹਦਾਇਤ ’ਤੇ ਉਨ੍ਹਾਂ ਸਾਰੀਆਂ 17 ਏਵੀਐੱਮ ਨੂੰ ਸਟਰਾਂਗ ਰੂਮ ਵਿੱਚ ਰਖਵਾ ਦਿੱਤਾ ਹੈ। ਪੁਲੀਸ ਅਧਿਕਾਰੀ ਕਰਮਜੀਤ ਸਿੰਘ ਦੀ ਅਗਵਾਈ ’ਚ ਗਾਰਦ ਦੀਆਂ ਦੋ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ ਅਤੇ ਮਸਲਾ ਅਦਾਲਤ ਦੇ ਹੁਕਮਾਂ ਮਗਰੋਂ ਹੱਲ ਕੀਤਾ ਜਾਵੇਗਾ। ਲਹਿਰਾ ਵਿਕਾਸ ਮੰਚ ਦੇ ਕਨਵੀਨਰ ਐਡਵੋਕੇਟ ਵਰਿੰਦਰ ਗੋਇਲ ਨੇ ਦੱਸਿਆ ਕਿ ਉਹ ਲੋਕਾਂ ਨੂੰ ਲੈ ਕੇ ਇਸ ਬਾਰੇ ਡੀਸੀ ਸੰਗਰੂਰ ਨੂੰ ਮਿਲੇ ਸਨ। ਚੋਣ ਕਮਿਸ਼ਨ ਤੇ ਆਬਜਰਬਰ ਨੂੰ ਬਾਕਾਇਦਾ ਸਬੂਤ ਦਿੱਤੇ ਸਨ। ਉਨ੍ਹਾਂ ਇਸ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖਟਕਾਉਣਗੇ। ਧਰਨੇ ਨੂੰ ਹਾਰੇ ਉਮੀਦਵਾਰ ਵਾਰਡ ਦੋ ਸੁਰਿੰਦਰ ਕੌਰ, ਵਾਰਡ ਅੱਠ ਸੁਰਿੰਦਰ ਸਿੰਘ, ਦੀਪਕ ਜੈਨ, ਜਥੇਦਾਰ ਪਰਗਟ ਸਿੰੰਘ ਗਾਗਾ ਨੇ ਸੰਬੋਧਨ ਕੀਤਾ।