ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਦਸੰਬਰ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਧਰਨਾ 87ਵੇਂ ਦਿਨ ਵੀ ਜਾਰੀ ਰਿਹਾ। ਅੱਜ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਲਈ ਇਲਾਕੇ ’ਚੋਂ 60 ਟਰਾਲੀਆਂ, ਦੋ ਟਰੱਕ, ਦੋ ਬੱਸਾਂ, 10 ਛੋਟੇ ਵਾਹਨ ਅਤੇ ਸਪੀਕਰ ਵਾਲਾ ਵਾਹਨ ਰਵਾਨਾ ਹੋਏ, ਜਿਥੋਂ ਇਹ ਖਨੌਰੀ ’ਚ ਪਹੁੰਚਕੇ 25 ਹਜ਼ਾਰ ਕਿਸਾਨ ਦਿੱਲੀ ਸੰਘਰਸ਼ ਲਈ ਜਾਣਗੇ। ਬਹੁਗਿਣਤੀ ਕਿਸਾਨ ਗੁਰੂ ਘਰਾਂ ’ਚ ਛੋਟੋ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਕੇ ਦਿੱਲੀ ਸਰ ਕਰਨ ਲਈ ਰਵਾਨਾ ਹੋਏ। ਇਥੇ ਧਰਨੇ ਨੂੰ ਸੂਬਾ ਆਗੂ ਜਨਕ ਸਿੰਘ ਭੁਟਾਲ ਕਲਾ, ਹਰਜਿੰਦਰ ਸਿੰਘ ਨੰਗਲਾ, ਜਗਸੀਰ ਸਿੰਘ ਖੰਡੇਬਾਦ, ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸੰਘਰਸ਼ ਕਰਦੇ ਕਿਸਾਨਾਂ ਨੂੰ ਖੇਤੀ ਲਈ ਸਲਾਹਾਂ ਦੀ ਬਜਾਏ ਖੇਤੀ ਵਿਰੋਧੀ ਕਾਨੂੰਨ ਰੱਦ ਕਰਕੇ ਮਾਹੌਲ ਨੂੰ ਸ਼ਾਂਤ ਕਰੇ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਬਲਾਕ ਭਵਾਨੀਗੜ੍ਹ ਦੇ ਪਿੰਡਾਂ ਵਿੱਚੋੋਂ ਵੱਡੀ ਗਿਣਤੀ ਵਿੱਚ ਨੌਜਵਾਨ, ਬਜ਼ੁਰਗ ਅਤੇ ਬੀਬੀਆਂ ਮੋੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲਗਾਏ ਗਏ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ। ਇਸ ਸਬੰਧੀ ਯੂਨੀਅਨ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਸੁਖਵਿੰਦਰ ਸਿੰਘ ਬਲਿਆਲ ਅਤੇ ਰਘਵੀਰ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਦਾ ਗਰੂਰ ਤੋੜਨ ਲਈ ਅੱਜ ਬਲਾਕ ਦੇ ਪਿੰਡਾਂ ਵਿੱਚੋਂ ਵੱਡੇ ਕਾਫਲਿਆਂ ਦੇ ਰੂਪ ਵਿੱਚ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ। ਬਲਾਕ ਦੇ ਸਭ ਤੋਂ ਵੱਡੇ ਪਿੰਡ ਘਰਾਂਚੋਂ ਤੋਂ ਵੱਡੀ ਗਿਣਤੀ ਵਿੱਚ ਬੀਬੀਆਂ, ਨੌਜਵਾਨ ਅਤੇ ਕਿਸਾਨ ਮਜ਼ਦੂਰ ਦਿੱਲੀ ਮੋਰਚੇ ਵਿੱਚ ਔਰਤ ਵਿੰਗ ਦੀ ਪ੍ਰਧਾਨ ਰਣਜੀਤ ਕੌਰ ਅਤੇ ਇਕਾਈ ਦੇ ਪ੍ਰਧਾਨ ਰਘਵੀਰ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਏ।
ਸਮਾਲਸਰ(ਗੁਰਜੰਟ ਕਲਸੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਲੰਡੇ, ਸਮਾਲਸਰ, ਸੇਖਾ ਕਲਾਂ ਵਾਂਦਰ, ਸੁਖਾਨੰਦ ਇਕਾਈਆਂ ਵੱਲੋਂ ਲੰਡੇ ਇਕਾਈ ਦੇ ਪ੍ਰਧਾਨ ਤੇਜ ਸਿੰਘ, ਕੁਲਵੰਤ ਸਿੰਘ ਸੰਘਾ, ਸਮਾਲਸਰ ਤੋਂ ਚਮਕੌਰ ਸਿੰਘ, ਸੇਖਾ ਕਲਾਂ ਤੋਂ ਗੁਰਦਾਸ ਸਿੰਘ ਦੀ ਅਗਵਾਈ ਹੇਠ ਸੰਘਣੀ ਧੁੰਦ ਅਤੇ ਠੰਢ ਦੇ ਬਾਵਜੂਦ ਦਰਜਨਾਂ ਟਰੈਕਟਰ ਟਰਾਲੀਆਂ, ਟੈਂਪੂ ਟਰੈਵਲ ਵਿੱਚ ਸਵਾਰ ਹੋ ਕੇ ਕਿਸਾਨ ਦਿੱਲੀ ਦੇ ਟੀਕਰੀ ਬਾਰਡਰ ਲਈ ਰਵਾਨਾ ਹੋਏ।