ਰਮੇਸ਼ ਭਾਰਦਵਾਜ
ਲਹਿਰਾਗਾਗਾ, 29 ਸਤੰਬਰ
ਨੇੜਲੇ ਪਿੰਡ ਲੇਹਲ ਖੁਰਦ ’ਚ ਜਲਘਰ ਦੀ ਟੈਂਕੀ ’ਤੇ ਚਿੱਪ ਵਾਲਾ ਮੀਟਰ ਲਗਾਉਣ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪ੍ਰਧਾਨ ਜਗਦੀਪ ਸਿੰਘ ਦੀ ਅਗਵਾਈ ’ਚ ਪਿੰਡ ਦੇ ਸੈਂਕੜੇ ਔਰਤਾਂ ਤੇ ਕਾਰਕੁਨਾਂ ਨੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਸੇ ਵੀ ਸੂਰਤ ’ਚ ਚਿੱਪ ਵਾਲੇ ਮੀਟਰ ਨਾ ਲੱਗਣ ਦੇਣ ਦਾ ਐਲਾਨ ਕੀਤਾ। ਚਾਹੇ ਬਿਜਲੀ ਵਿਭਾਗ ਜਲਘਰ ’ਚ ਮੀਟਰ ਲਾਉਣ ’ਚ ਸਫਲ ਰਿਹਾ। ਜਥੇਬੰਦੀ ਦੇ ਬਲਾਕ ਆਗੂ ਹਰਸੇਵਕ ਸਿੰਘ ਲੇਹਲ ਖੁਰਦ ਨੇ ਕਿਹਾ ਕਿ ਬਿਜਲੀ ਵਿਭਾਗ ਨੇ ਜਲਘਰ ’ਤੇ ਚੁੱਪ ਚਪੀਤੇ ਚਿੱਪ ਵਾਲਾ ਮੀਟਰ ਲਾਕੇ ਲੋਕਾਂ ਲਈ ਬਿਜਲੀ ਤੇ ਪਾਣੀ ਮਹਿੰਗੇ ਕਰਨ ਦੀ ਸਾਜ਼ਿਸ਼ ਕੀਤੀ ਹੈ। ਪਾਵਰਕੌਮ ਦਿਹਾਤੀ ਦੇ ਐੱਸਡੀਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਾਸੀਆਂ ਵੱਲੋਂ ਵਿਰੋਧ ਦਾ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਰਹੇ ਹਨ। ਪਾਵਰਕੌਮ ਦੇ ਐਕਸੀਅਨ ਕੁਲਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਹਦਾਇਤ ’ਚ ਜਲਘਰਾਂ ਤੇ ਸਰਕਾਰੀ ਵਿਭਾਗਾਂ ’ਚ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ।