ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰ ’ਤੇ ਚਲਾਏ ਸੰਘਰਸ਼ ਦੇ ਲੰਮੇਰਾ ਚੱਲਣ ਕਰਕੇ ਧਰਨਾਕਾਰੀਆਂ ਦੇ ਰਾਤ ਨੂੰ ਰਹਿਣ ਲਈ ਪਿੰਡਾਂ ’ਚ ਮੰਜੇ ਤਿਆਰ ਕਰਕੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਜਥੇਬੰਦੀ ਨੇ ਪਿੰਡ ਨੰਗਲਾ ਸਮੇਤ ਬਲਾਕ ਦੇ ਹੋਰ ਪਿੰਡਾਂ ’ਚ ਔਰਤਾਂ ਨੇ ਸੌ ਤੋਂ ਵੱਧ ਮੰਜੇ ਭੇਜੇ ਹਨ। ਪਿੰਡ ਨੰਗਲਾ ਦੀ ਜਸਬੀਰ ਕੌਰ, ਸੁਖਪਾਲ ਕੌਰ ਅਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੀਆਂ ਔਰਤਾਂ ਵੱਲੋਂ ਪਹਿਲਾਂ ਸਰਦੀ ਨੂੰ ਮੁੱਖ ਰੱਖਦੇ ਹੋਏ ਰਜਾਈਆਂ ਭੇਜੀਆਂ ਸਨ ਪਰ ਹੁਣ ਗਰਮੀ ’ਚ ਧਰਨਾਕਾਰੀਆਂ ਲਈ ਮੰਜੇ ਤਿਆਰ ਕਰਕੇ ਭੇਜ ਰਹੀਆਂ ਹਨ ਅਤੇ 100 ਮੰਜੇ 15 ਮਾਰਚ ਨੂੰ ਦਿੱਲੀ ਭੇਜ ਰਹੇ ਹਨ। ਇਸੇ ਤਰ੍ਹਾਂ ਜਥੇਬੰਦੀ ਦੀ ਹਿਦਾਇਤ ’ਤੇ ਹੋਰ ਪਿੰਡਾਂ ’ਚੋਂ ਵੀ ਮੰਜੇ ਤਿਆਰ ਕਰਕੇ ਭੇਜੇ ਜਾ ਰਹੇ ਹਨ ਤਾਂ ਜੋ ਧਰਨਾਕਾਰੀਆਂ ਨੂੰ ਗਰਮੀਆਂ ’ਚ ਕੀੜੇ, ਮੱਛਰ, ਜਾਨਵਰਾਂ ਤੋਂ ਬਚਾਇਆ ਜਾ ਸਕੇ। ਜਥੇਬੰਦੀ ਦੇ ਸੀਨੀਅਰ ਕਿਸਾਨ ਆਗੂ ਰਾਮ ਸਿੰਘ ਨੰਗਲਾ ਅਤੇ ਹਰਜਿੰਦਰ ਸਿੰਘ ਨੰਗਲਾ ਨੇ ਦੱਸਿਆ ਕਿ ਧਰਨੇ ’ਤੇ ਬੈਠੇ ਕਿਸਾਨਾਂ ਲਈ 15 ਮਾਰਚ ਨੂੰ ਮੰਜਿਆਂ ਤੋਂ ਇਲਾਵਾ ਕੂਲਰ, ਪੱਖੇ, ਫਰਿੱਜ ਅਤੇ ਹੋਰ ਲੋੜੀਂਦਾ ਸਾਮਾਨ ਦਿੱਲੀ ਭੇਜ ਰਹੇ ਹਾਂ।