ਚਰਨਜੀਤ ਭੁੱਲਰ
ਚੰਡੀਗੜ੍ਹ, 4 ਜੁਲਾਈ
ਪੰਜਾਬੀਓ! ਹੁਣ ਘੋੜੇ ਵੇਚ ਕੇ ਸੌਂ ਜਾਓ। ਛੱਡ ਦਿਓ ਅੱਚਵੀ, ਮਾਰੋ ਘੁਰਾੜੇ। ਇੰਤਜ਼ਾਰ ਦੀਆਂ ਘੜੀਆਂ ਖ਼ਤਮ। ਪੰਥ ਦੇ ਚਰਨਾਂ ਦੀ ਧੂੜ। ਤੁਹਾਡੇ ਦਿਲਾਂ ਦੀ ਧੜਕਣ। ਦਾਸਾਂ ਦੇ ਦਾਸ, ਹਾਜ਼ਰ ਹਨ, ਜਥੇਦਾਰ ਸੁਖਬੀਰ ਸਿੰਘ ਜੀ ਬਾਦਲ। ਪਿਆਰੀ ਸਾਧ ਸੰਗਤ ਜੀ, ਏਦਾਂ ਜੈਕਾਰੇ ਨਾ ਛੱਡੋ। ਪਹਿਲਾਂ ਪ੍ਰਧਾਨ ਜੀ ਦਾ ਜਜ਼ਬਾ ਤਾਂ ਦੇਖੋ। ‘ਕਿਸਾਨ ਵੀਰੋ, ਏਹ ਥੋਡੀ ਮਾਂ ਪਾਰਟੀ ਹੈ। ਛੱਡ ਦਿਓ ਫਿਕਰ ਫਾਕੇ, ਸਰ੍ਹਾਣੇ ਥੱਲੇ ਬਾਂਹ ਦੇ ਕੇ ਸੌਂ ਜਾਓ। ਕਿਤੇ ਭੀੜ ਪੈ ਗਈ ਤਾਂ ਅਸੀਂ ਦਿਆਂਗੇ ਕੁਰਬਾਨੀ।’ ਲਓ ਜੀ, ਸੌ ਰੋਗਾਂ ਦੀ ਇੱਕ ਦਵਾ।
ਭਰੇ ਪੰਡਾਲ ’ਚੋਂ ਦਸੌਂਧਾ ਸਿਓਂ ਉਠਿਐ। ‘ਪ੍ਰਧਾਨ ਜੀ, ਬੰਦਾ ਹਾਜ਼ਰ ਐ, ਜੇ ਮੋਰਚਾ ਲਾਉਣੈ। ਨੈਣ ਪ੍ਰਾਣ ਚੱਲਦੇ ਨੇ, ਅਮਰਿੰਦਰ ਕਿਤੇ ਘੱਟ ਨੇ। ਮਹਾਰਾਜ ਇੰਝ ਗੜ੍ਹਕੇ ‘ਕੋਈ ਤਿੜ ਫਿੜ ਹੋਈ, ਹਰ ਕੁਰਬਾਨੀ ਦਿਆਂਗੇ’। ਸਤੌਜ ਆਲੇ ਭਗਵੰਤ ਮਾਨ ਨੂੰ ਦੱਸੋ ਕੌਣ ਸਮਝਾਏ, ਇੱਕੋ ਤੋਤਾ ਰੱਟ ਲਾਈ ਐ…‘ਬੀਬਾ ਜੀ ਪਹਿਲਾਂ ਕੁਰਸੀ ਛੱਡੋ’।
ਰੋਮਨਾਂ ਨੇ ਕਾਣ ਕੱਢਿਐ। ‘ਉੱਲੂ ਦਾ ਆਪਣਾ ਗੀਤ ਹੁੰਦਾ ਤੇ ਕਾਂ ਦਾ ਆਪਣਾ’। ਖੇਤਾਂ ਦੇ ਰਾਖਿਓ… ਫਿਕਰ ਛੱਡੋ। ਕੁਰਬਾਨੀ ਦੇ ਪੁੰਜ ਜਾਗੇ ਨੇ। ਤੁਸੀਂ ਸੌਂ ਜਾਓ, ਲਾਹ ਲਓ ਨੀਦਾਂ ਤੇ ਲੁੱਟ ਲਓ ਬੁੱਲ੍ਹੇ। ਆਲਮ ਲੁਹਾਰ ਵੀ ਇਹੋ ਆਖਦੈ। ‘ਏਹ ਜ਼ਿੰਦਗਾਨੀ ਚਾਰ ਦਿਹਾੜੇ, ਖੁਸ਼ੀਆਂ ਨਾਲ ਹੰਢਾਈਏ।’ ਹੱਡਾਂ ਦੀ ਮੁੱਠ ਬਣੀ ਹੋਵੇ ਤਾਂ ਨੀਂਦਰ ਕਿਥੇ? ਆਰਡੀਨੈਂਸਾਂ ਨੇ ਖੇਤਾਂ ਨੂੰ ਕਾਂਬਾ ਛੇੜਿਐ। ਕਿਸਾਨਾਂ ਦੀ ਤਣਾਮ ਕਸੀ ਐ। ਝੱਖੜ ਝੁੱਲਣ ਲੱਗੇ ਨੇੇ। ‘ਬਾਦਲ’ ਗਰਜ਼ੇ ਨੇ। ਤੇਲ ਦੀ ਧਾਰ ਨਾ ਵੇਖੋ। ਸਿਆਸੀ ਸ਼ਹੀਦਾਂ ਨੂੰ ਪ੍ਰਣਾਮ ਕਰੋ। ਚੀਚੀ ਨੂੰ ਖੂਨ ਹੁਣੇ ਲਾਇਐ। ਐਂਵੇ ਕੌਣ ਰੱਸੇ ਵੱਟਦੈ। ਨਾਟਕ ‘ਬਾਬਾ ਬੋਲਦਾ ਹੈ’ ’ਚ ਬਾਬਾ ਆਖਦੈ… ‘ਸਰਕਾਰ ਆਖਦੀ ਏ… ਦੇਸ਼ ਨੂੰ ਖਤਰੈ, ਜਥੇਦਾਰ ਕਹਿੰਦੇ ਨੇ… ਪੰਥ ਨੂੰ ਖਤਰੈ।’ ਵੱਡੇ ਬਾਦਲ ਨੇ ਕੇਰਾਂ ਗੱਲ ਸੁਣਾਈ। ‘ਨਵੀਂ-ਨਵੀਂ ਸਰਕਾਰ ਬਣੀ, ਪੁਰਾਣਾ ਜਥੇਦਾਰ ਆਖਣ ਲੱਗਾ, ‘ਬਾਦਲ ਸਾਹਿਬ, ਮੋਰਚਾ ਕਦੋਂ ਲਾਵਾਂਗੇ। ਅੱਗਿਓਂ ਬਾਦਲ ਬੋਲੇ, ਬਜ਼ੁਰਗੋ ਹਾਲੇ ਆਪਣੀ ਸਰਕਾਰ ਐ।’ ਖੈਰ, ਲੰਘ ਗਏ ਦਰਿਆ। ਮੋਰਚੇ ਦਾ ਬਿਗਲ ਵੱਜਦੈ, ਜਥੇਦਾਰਾਂ ਨੂੰ ਚਾਅ ਚੜ੍ਹ ਜਾਂਦਾ। ਚੋਣਾਂ ਦੀ ਛਿੰਝ ਨੇੜੇ ਹੋਵੇ, ਉਦੋਂ ਕੁਰਬਾਨੀ ਦਾ ਗੀਤ ਗੂੰਜਦੈ। ਪੂਰਬੀ ਲੱਦਾਖ ’ਚ ਜੋ ਸ਼ਹੀਦ ਹੋਏ ਉਨ੍ਹਾਂ ਦੇ ਘਰਾਂ ’ਚ ਮਾਤਮੀ ਧੁਨ ਗੂੰਜੀ ਐ। ਸ਼ਹੀਦ ਮੁੰਡੇ ਦੇ ਬਾਪ ਨੇ ਉਲਾਂਭਾ ਦਿੱਤੈ। ‘ਅਸੀਂ ਸਰਹੱਦਾਂ ਤੋਂ ਪੁੱਤ ਵਾਰੇ, ਹਾਕਮਾਂ ਨੇ ਆਰਡੀਨੈਂਸ ਕੱਢ ਮਾਰੇ।’ ਮਰਹੂਮ ਗੁਰਦੇਵ ਬਾਦਲ ਹੱਟੀ ਭੱਠੀ ਗੱਲ ਸੁਣਾਉਂਦੇ। ਜਿਵੇਂ ਖਟਾਰਾ ਟਰੱਕਾਂ ਪਿੱਛੇ ‘ਚੱਲ ਰਾਣੀ ਤੇਰਾ ਰੱਬ ਰਾਖਾ’ ਲਿਖਿਆ ਹੁੰਦੈ। ਉਵੇਂ ਕਿਸਾਨੀ ਦਾ ਵੀ ਹੁਣ ਰੱਬ ਹੀ ਰਾਖੈ।
ਅਮਰਿੰਦਰ ਆਖਦੈ… ਮੈਂ ਪਾਣੀਆਂ ਦਾ ਰਾਖਾ। ਬਾਦਲ ਆਖਦੇ ਨੇ… ਅਸੀਂ ਕਿਸਾਨੀ ਦੇ ਰਾਖੇ। ਚੀਮਾ ਦਾ ਕਿਸਾਨ ਜੋਗਿੰਦਰ ਸਿੰਘ। ਬਠਿੰਡਾ ਥਰਮਲ ਅੱਗੇ ਜ਼ਿੰਦਗੀ ਦੇ ਗਿਆ। ਅਕਾਲੀ ਆਗੂ ਬੋਲੇ… ‘ਜੋਗਿੰਦਰ ਦੀ ਕੁਰਬਾਨੀ ਅਜਾਈਂ ਨਹੀਂ ਜਾਏਗੀ।’ ਗੱਲ ਸੁਣਨ ਵਾਲੀ ਐ। ਮਾਸਟਰ ਤਾਰਾ ਸਿੰਘ ਨੂੰ ਪੰਡਿਤ ਨਹਿਰੂ ਨੇ ਬੁਲਾਇਆ, ਇੰਝ ਚੋਗਾ ਪਾਇਆ। ਉਪ ਰਾਸ਼ਟਰਪਤੀ ਬਣਨਾ ਚਾਹੋਗੇ। ਚਾਰ ਟੰਗੀ ਨੂੰ ਲੱਤ ਮਾਰ ਆਏ। ਗਰੀਬਾਂ ਦੇ ਢਿੱਡ ਨੂੰ ਲੱਤ ਵੱਜਦੀ ਐ। ਕੌਣ ਲੱਤ ਮਾਰਦੈ ਨਵਾਬੀ ਨੂੰ। ਟੀਨੋਪਾਲ ਵਾਲੇ ਕੱਪੜੇ, ਫਾਰਚੂਨਰ ਗੱਡੀਆਂ, ‘ਕਿਆਨੋ’ ਦੇ ਬੂਟ। ਇਹ ਨਵੇਂ ਜਥੇਦਾਰ ਸਜੇ ਨੇ। ਜੇਲ੍ਹਾਂ ਨੂੰ ਛੱਡੋ, ਧੁੱਪ ਝੱਲਣ ਜੋਗੇ ਨਹੀਂ। ਕਿਥੋਂ ਬੈਠਣਗੇ ਅਗਨ ਕੁੰਢ ’ਚ।
‘ਰੱਬ ਬਣਾਏ ਬੰਦੇ, ਕੋਈ ਚੰਗੇ ਕੋਈ ਮੰਦੇ’। ਜ਼ਿੰਦਗੀ ਤੋਂ ਬੇਦਖ਼ਲਾਂ ਨੂੰ ਕੌਣ ਪੁੱਛਦੈ। ਨੜਿੱਨਵੇਂ ਦੇ ਗੇੜ ’ਚ ਪੰਜਾਬ ਪਿਐ। ਅਮਰਿੰਦਰ ਤੇ ਕਾਕਾ ਸੁਖਬੀਰ… 2022 ਵਾਲੇ ਗੇੜ ’ਚ ਉਲਝੇ ਨੇ। ਨਵਜੋਤ ਸਿੱਧੂ ਦਾ ਨਵਾਂ ਸ਼ਗੂਫਾ ਸੁਣੋ, ਆਓ, ਨਵਾਂ ਪੰਜਾਬ ਬਣਾਈਏ। ਓ ਗੁਰੂ! ਪੰਜਾਬ ਪ੍ਰਯੋਗਸ਼ਾਲਾ ਨਹੀਂ। ਅਮਰਿੰਦਰ ਤਾਂ ਬਾਦਲਾਂ ਦਾ ਗੁਰੂ ਨਿਕਲਐ। ਬਤੌਰ ਮੁੱਖ ਮੰਤਰੀ ਬਾਦਲ ਕੋਲ 13 ਮਹਿਕਮੇ ਸਨ। ਅਮਰਿੰਦਰ ਕੋਲ 22 ਮਹਿਕਮੇ ਨੇ। ਲੋਕ ’ਕੱਤੀ ਪਾਉਣ ਨੂੰ ਕਾਹਲੇ ਨੇ। ਫਰਾਂਸੀਸੀ ਕਹਾਵਤ ਐ ‘ਜਦੋਂ ਬਾਕੀ ਪਾਪ ਬੁੱਢੇ ਹੁੰਦੇ ਨੇ, ਲੋਭ ਉਦੋਂ ਵੀ ਜਵਾਨ ਹੁੰਦੈ।’ ਸਿਆਸੀ ਜਾਗੀਰਦਾਰਾਂ ਦੀ ਜਾਗੀਰ ਵਧੀ। ਪੰਜਾਬ ਸਿਰ ਕਰਜ਼ਾ। ਕਿੰਨਾ ਕੁ ਚੜ੍ਹਿਐ, ਮਗਰੋਂ ਦੱਸਦੇ ਹਾਂ। ਪਹਿਲਾਂ ਇਹ ਸੁਣੋ। ਸਰੋਵਰ ’ਚ ਨਿਹੰਗ ਸਿੰਘ ਜੀ ਕੁੱਦ ਪਏ। ਤੈਰਨਾ ਨਾ ਆਵੇ, ਡੁੱਬਣ ਲੱਗਾ, ਬਚਾਓ ਬਚਾਓ, ਰੌਲਾ ਪਾਇਆ। ਹੱਥ ਪੈਰ ਮਾਰਨ ਲੱਗਾ। ਬਚਾਓ ਲਈ ਲੋਕ ਅੱਗੇੇ। ਅੱਗਿਓਂ ਦੋ ਜਣਿਆਂ ਨੇ ਲੋਕਾਂ ਨੂੰ ਵਲ ਲਿਆ। ਅਖੇ, ‘ਸਿੰਘ ਜੀ ਜੂਝ ਰਹੇ ਨੇ’। ਆਖਰ ਸਿੰਘ ਜੀ ਚੜ੍ਹਾਈ ਕਰ ਗਏ। ਮੈਨੂੰ ਡੁੱਬਣਵਾਲਾ ਸੱਚਮੁੱਚ ‘ਪੰਜਾਬ ਸਿਓਂ’ ਜਾਪਿਆ। ਜਿਨ੍ਹਾਂ ਰੋਕਿਆ, ਉਨ੍ਹਾਂ ’ਚੋਂ ਇੱਕ ਦੇ ਨੀਲੀ ਤੇ ਦੂਜੇ ਦੇ ਚਿੱਟੀ ਬੰਨ੍ਹੀ ਹੋਈ ਸੀ। ਪਤਾ ਨਹੀਂ ਕੌਣ ਸਨ, ਜੋ ਡੁੱਬਦੇ ‘ਪੰਜਾਬ ਸਿਓਂ’ ਤੋਂ ਗੋਤਾ ਲਵਾ ਰਹੇ ਸਨ। ਕਿਸਾਨੀ ਨੂੰ ਰਾਤੋ ਰਾਤ ਮੋਛੇ ਨਹੀਂ ਪਏ। ਕਿਸਾਨ-ਮਜ਼ਦੂਰਾਂ ਦੇ ਚੁੱਲ੍ਹੇ ਕੀਹਨੇ ਠੰਢੇ ਕੀਤੇ। ਅਮਰਿੰਦਰ ਦੀ ਦੌਲਤ ਦਹਾਕੇ ’ਚ 38.49 ਕਰੋੜ ਤੋਂ 48.31 ਕਰੋੜ ਹੋਈ ਹੈ। ਵੱਡੇ ਬਾਦਲ ਦੀ ਪੰਜ ਵਰ੍ਹਿਆਂ ’ਚ 6.75 ਕਰੋੜ ਤੋਂ 14.49 ਕਰੋੜ ਹੋ ਗਈ।
ਸੁਖਬੀਰ ਬਾਦਲ ਦੀ ਦਹਾਕੇ ’ਚ 67.98 ਕਰੋੜ ਤੋਂ ਵਧ ਕੇ 102 ਕਰੋੜ ਨੂੰ ਛੂਹੀ ਹੈ। ਇੱਕ ਪੁਰਾਣਾ 1986 ਦਾ ਸਰਕਾਰੀ ਵਰਕਾ ਲੱਭਿਐ। ਉਦੋਂ ਇੱਕ ‘ਡੱਬਵਾਲੀ ਟਰਾਂਸਪੋਰਟ ਕੰਪਨੀ’ ਹੁੰਦੀ ਸੀ, 675 ਰੁਪਏ ਦਾ ਯਾਤਰੀ ਟੈਕਸ ਨਾ ਤਾਰ ਸਕੀ। ਡਿਫਾਲਟਰ ਹੋ ਗਈ। ਕੰਪਨੀ ਦੇ ਮਾਲਕ ਕੌਣ ਸਨ, ਪਤਾ ਨਹੀਂ। ਪੁਰਾਣੀ ਕਬਰ ਨਾ ਖੋਦੀਏ। ਆਹ ਦੇਖੋ, ਪੰਜਾਬ ਕਰਜ਼ੇ ਨੇ ਵਿੰਨ੍ਹਿਐ। 1983-84 ’ਚ ਪੰਜਾਬ ਦੀ ਕਮਾਈ 59 ਕਰੋੜ ਸਰਪਲੱਸ ਸੀ। ਕਰਜ਼ਾ ਉਦੋਂ 1450 ਕਰੋੜ ਰੁਪਏ ਸੀ। ਫੇਰ ਅਮਰਵੇਲ ਵਾਂਗੂ ਕਰਜ਼ਾ ਵਧਿਆ। ‘ਕੁਰਬਾਨੀ’ ਵਾਲਿਆਂ ਦੀ ਦੌਲਤ। ਪੰਜਾਬ ’ਤੇ 2003-04 ਵਿੱਚ 41,412 ਕਰੋੜ, ਸਾਲ 2013-14 ’ਚ 1.01 ਲੱਖ ਕਰੋੋੜ ਅਤੇ ਮੌਜੂਦਾ ਸਮੇਂ 2.48 ਲੱਖ ਕਰੋੜ ਦਾ ਕਰਜ਼ਾ ਹੈ।
ਪੰਜਾਬ ਸਰਕਾਰ ਕੋਲ ਇੱਕ ਫੋਟੋ ਬਚੀ ਹੈ ਮਹਾਰਾਜਾ ਰਣਜੀਤ ਸਿੰਘ ਦੀ। ਦੂਜੀ ਕਰਜ਼ੇ ਦੀ ਪੰਡ। ‘ਰਾਜਾ ਵਪਾਰੀ, ਜਨਤਾ ਭਿਖਾਰੀ’। ਕਾਮਰੇਡ ਤਾਂ ਨਹੀਂ ਮੰਨਦੇ। ਜਥੇਦਾਰਾਂ ਨੂੰ ਰੱਬ ’ਚ ਭਰੋਸੈ। ਸਿਆਸੀ ਨੇਤਾ ਲੱਖ ਲੁਕ ਲਪੇਟ ਰੱਖਣ। ਉਦੋਂ ਵੀ ਰੱਬ ਵੇਖ ਰਿਹਾ ਹੁੰਦੈ। ਕਮਾਲ ਦੇ ਮਹਾਰਾਜਾ ਰਣਜੀਤ ਸਿੰਘ, ਉਸ ਤੋਂ ਵੱਧ ਦਾਨਾ ਰਾਜਭਾਗ। ਕੇਰਾਂ ਕੋਈ ਵਿਦੇਸ਼ੀ ਪ੍ਰਾਹੁਣਾ ਰਾਜੇ ਦੇ ਮਹਿਲ ਆਇਆ। ਥਾਂ-ਥਾਂ ਤੋਂ ਸ਼ੀਸ਼ੇ ਟੁੱਟੇ ਵੇਖ ਪ੍ਰਾਹੁਣੇ ਦੀ ਪ੍ਰੇਸ਼ਾਨੀ ਵਧੀ। ਅੱਗਿਓਂ ਮਹਾਰਾਜ ਬੋਲੇ… ਘਬਰਾਓ ਨਾ, ਲੋਕ ਆਉਂਦੇ ਨੇ, ਰੋੜੇ ਮਾਰ ਸ਼ੀਸ਼ੇ ਭੰਨਦੇ ਨੇ… ਚੇਤਾ ਕਰਾਉਂਦੇ ਨੇ, ‘ਏਹ ਤੇਰਾ ਰਾਜ ਨਹੀਂ, ਖ਼ਾਲਸੇ ਦਾ ਰਾਜ ਐ।’ ਖੈਰ, ਅੱਜ ਦੇ ਸਿਆਸੀ ਖਿਡਾਰੀ ਰੱਬ ਨੂੰ ਟੱਬ ਦੱਸਦੇ ਨੇ। ਸੋਚਣਾ ਤਾਂ ਦੂਰ ਦੀ ਗੱਲ। ਕਿਸੇ ਨੇ ਸੱਚ ਕਿਹੈ.. ‘ਸਿਰ ਪੱਗ ਬੰਨ੍ਹਣ ਲਈ ਨਹੀਂ, ਸੋਚਣ ਲਈ ਵੀ ਹੁੰਦੈ।’ ਸਿਆਸੀ ਰਹਬਿਰਾਂ ਨੂੰ ਵੀ ਝੱਲਣਾ ਪੈਣਾ। ‘ਪੱਗ ਵੇਚ ਕੇ ਘਿਓ ਕੌਣ ਖਾਂਦੈ’। ਠੋਕਰ ਫਿਸਲਣ ਤੋਂ ਬਚਾਉਂਦੀ ਹੈ। ਗੱਲ ਅੱਜ ਤਿਲਕਣੋਂ ਨਹੀਂ ਰੁਕ ਰਹੀ। ਤੇਲ ਦੀ ਧਾਰ ਦੇਖਣ ਤੁਰੇ ਸੀ। ਖੇਤੀ ਆਰਡੀਨੈਂਸਾਂ ਵਾਲਾ ਪੁਲ ਵੀ ਲੰਘ ਗਏ। ਪੁਲ ’ਤੇ ਖੜ੍ਹ ਕੇ ਹੁਣ ਦੇਖਣਾ ਪੈਣੈ। ਕੌਣ-ਕੌਣ ਕਿਸਾਨੀ ਖਾਤਰ ਮੋਦੀ ਨਾਲ ਆਢਾ ਲਾਉਂਦੈ। ਵੈਸੇ ਕੇਂਦਰ ਪੰਜਾਬ ਦਾ ਸਕਾ ਨਹੀਂ। ਭਾਰਤ-ਪਾਕਿ ਜੰਗ ਵੱਧ ਪੰਜਾਬ ਨੇ ਝੱਲੀ। ਕੇਂਦਰ ਨੇ ਕਸ਼ਮੀਰ ਨੂੰ ਉਦੋਂ ਚਾਰ ਕਰੋੜ ਭੇਜੇ। ਪੰਜਾਬ ਨੂੰ ਖਾਲੀ ਹੱਥ ਮੋੜਤਾ। ਬਲਰਾਮਜੀ ਦਾਸ ਟੰਡਨ ਨੇ ਉਦੋਂ ਪਤੇ ਦੀ ਗੱਲ ਆਖੀ, ‘ਤੁਸੀਂ ਦਿੱਲੀ ਮਰਸਿਡੀਜ਼ ’ਤੇ ਜਾਂਦੇ ਹੋ, ਕੇਂਦਰ ਸਮਝਦੈ, ਪੰਜਾਬ ਦਾ ਬੋਝਾ ਭਰਿਐ।’ ਟੰਡਨ ਦਾ ਮਸ਼ਵਰਾ ਵੀ ਸੁਣੋ,‘ ਦਿੱਲੀ ਟੁੱਟੀਆਂ ਕਾਰਾਂ ’ਤੇ ਜਾਓ, ਪੁਰਾਣੇ ਕੱਪੜੇ ਪਾ ਕੇ ਜਾਓ’। ਫੇਰ ਚਾਰ ਛਿੱਲੜ ਮਿਲਣਗੇ। ਹੁਣ ‘ਕੁਰਬਾਨੀ’ ਵਾਲਿਆਂ ਨੂੰ ਕੌਣ ਆਖੂ। ਇਸ ਗੱਲੋਂ ਛੱਜੂ ਰਾਮ ਖਰਾ ਹੈ। ਮੂੰਹ ’ਤੇ ਆਖ ਦਿੰਦੈ…‘ਸੱਪ ਮਰਿਆ ਨਾ ਹੋਵੇ ਤਾਂ ਸੋਟੀ ਨਹੀਂ ਸੁੱਟਣੀ ਚਾਹੀਦੀ।’ ਦਸੌਂਧਾ ਸਿਓਂ ਦੇ ਖ਼ਾਨੇ ਨਹੀਂ ਪੈ ਰਹੀ। ਛੱਜੂ ਰਾਮ ਤਾਹੀਓਂ ਚਿੜਦੈ, ਅਖੇ ਮੈਨੂੰ ਲਾਈਲੱਗ ਪਸੰਦ ਨਹੀਂ। ਪਹਿਲਾਂ ‘ਕੁਰਬਾਨੀ’ ਵਾਲਿਆਂ ਨੂੰ ਵੇਖਦੇ ਹਨ। ਫੇਰ ਵੇਖਾਂਗੇ, 2022 ਨੂੰ। ਕੀਹਦੀ ਕੁਰਬਾਨੀ ਦਾ ਮੁੱਲ ਪੈਂਦੈ। ਅਖੀਰ ਤੋਂ ਪਹਿਲਾਂ ਸ਼ੇਅਰ ਸੁਣੋ,‘ ਗੁਫ਼ਤਾਰ ਕਾ ਗਾਜ਼ੀ ਤੋਂ ਬਨ ਗਿਆ, ਕਿਰਦਾਰ ਕਾ ਗਾਜ਼ੀ ਬਨ ਨਾ ਸਕਾ।’