ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜੁਲਾਈ
ਪੰਜਾਬ ਅਤੇ ਹਰਿਆਣਾ ਵਿੱਚ ਅੱਜ ਕਈ ਥਾਈਂ ਹਲਕੀ ਬਾਰਿਸ਼ ਹੋਈ। ਮੌਸਮ ਵਿਭਾਗ ਵੱਲੋਂ ਚੰਡੀਗੜ੍ਹ, ਮੁਹਾਲੀ, ਪਟਿਆਲਾ, ਲੁਧਿਆਣਾ, ਫਰੀਦਕੋਟ, ਨਵਾਂ ਸ਼ਹਿਰ ਤੇ ਰੂਪਨਗਰ ਵਿੱਚ ਹਲਕਾ ਮੀਂਹ ਦਰਜ ਕੀਤਾ ਗਿਆ। ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਭਰ ਵਿੱਚ 13 ਅਤੇ 14 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੀਂਹ ਕਾਰਨ ਤਾਪਮਾਨ ਡਿੱਗ ਗਿਆ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅੱਜ ਸੂਬੇ ਵਿੱਚ ਸਭ ਤੋਂ ਗਰਮ ਸ਼ਹਿਰ ਅੰਮ੍ਰਿਤਸਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 37.6 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 29.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ’ਚ ਪਿਛਲੇ ਹਫ਼ਤੇ ਤਾਪਮਾਨ 42 ਤੋਂ 45 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੇ ਵੀ ਵੱਖ-ਵੱਖ ਵਿਭਾਗਾਂ ਨੂੰ 24 ਘੰਟੇ ਚੌਕਸ ਰਹਿਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸੇ ਤਰ੍ਹਾਂ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਕਰਕੇ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ। ਅੱਜ ਸਭ ਤੋਂ ਗਰਮ ਸ਼ਹਿਰ ਸਿਰਸਾ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ ਵਿੱਚ 95.6 ਐੱਮਐੱਮ, ਰੋਹਤਕ 3 ਐੱਮਐੱਮ, ਪੰਚਕੂਲਾ 26 ਐੱਮਐੱਮ ਅਤੇ ਫਰੀਦਾਬਾਦ, ਗੁਰੂਗ੍ਰਾਮ, ਹਿਸਾਰ, ਕੁਰੂਕਸ਼ੇਤਰ, ਯਮੁਨਾਨਗਰ ਸਣੇ ਹੋਰਾਂ ਇਲਾਕਿਆਂ ਵਿੱਚ ਮਾਮੂਲੀ ਮੀਂਹ ਪਿਆ ਹੈ।