ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਅਗਸਤ
ਇੱਥੇ ਆਪਣੀਆਂ ਮੰਗਾਂ ਦੀ ਪੂਰਤੀ ਬਾਰੇ ਪਾਵਰਕੌਮ ਦੇ ਸਥਾਨਕ ਸੂਬਾਈ ਮੁੱਖ ਦਫ਼ਤਰ ਦੇ ਬਾਹਰ ਪੰਜ ਦਿਨਾਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ‘ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ’ ਦੇ ਨੁਮਾਇੰਦਿਆਂ ਨੇ ਅੱਜ ਨੰਗੇ ਧੜ ਰੋਸ ਮੁਜ਼ਾਹਰਾ ਕੀਤਾ। ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਬੇਰੁਜ਼ਗਾਰਾਂ ਦਾ ਰਾਹ ਰੋਕਣ ਲਈ ਹੁਣ ਮੈਨੇਜਮੈਂਟ ਨੇ ਭਰਤੀ ਦੌਰਾਨ ਇੱਕ ਵੱਖਰੇ ਇਮਤਿਹਾਨ/ਟੈਸਟ ਦੀ ਸ਼ਰਤ ਰੱਖ ਦਿੱਤੀ ਹੈ।
ਯੂਨੀਅਨ ਦੇ ਸੂਬਾਈ ਪ੍ਰਧਾਨ ਮਲਕੀਤ ਸਿੰਘ ਸਮੇਤ ਪਵਿੱਤਰ ਸਿੰਘ, ਕੁਲਵਿੰਦਰ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ ਤੇ ਲਛਮਣ ਸਿੰਘ ਤੇ ਹੋਰਨਾਂ ਦਾ ਤਰਕ ਸੀ ਕਿ ਪਹਿਲਾਂ ਸਿਰਫ਼ ਪਾਵਰਕੌਮ ਵੱਲੋਂ ਅਪਰੈਂਟਿਸਸ਼ਿਪ ਦੇ ਰੂਪ ’ਚ ਕਰਵਾਈ ਜਾਂਦੀ ਟਰੇਨਿੰਗ ਦੇ ਆਧਾਰ ’ਤੇ ਹੀ ਲਾਈਨਮੈਨ ਅਤੇ ਸਹਾਇਕ ਲਾਈਨਮੈਨ ਵਜੋਂ ਭਰਤੀ ਕੀਤੀ ਜਾਂਦੀ ਸੀ, ਪਰ ਹੁਣ ਮੈਨੇਜਮੈਂਟ ਨੇ ਇਸ ਟਰੇਨਿੰਗ ਤੋਂ ਬਿਨਾ ਇੱਕ ਹੋਰ ਤੇ ਵੱਖਰਾ ਟੈਸਟ ਪਾਸ ਕਰਨ ਦੀ ਸ਼ਰਤ ਵੀ ਰੱਖ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਟੈਸਟ ਦੀ ਸ਼ਰਤ ਤੁਰੰਤ ਵਾਪਸ ਲਈ ਜਾਵੇ। ਪ੍ਰਧਾਨ ਮਲਕੀਤ ਸਿੰਘ ਤੇ ਸਾਥੀਆਂ ਨੇ ਕਿਹਾ ਕਿ ‘ਆਪ’ ਸਰਕਾਰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਹੋਕੇ ਤਹਿਤ ਹੀ ਸੱਤਾ ’ਚ ਆਈ ਹੈ, ਪਰ ਹੁਣ ਜਾਣਬੁੱਝ ਕੇ ਬੇਲੋੜੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਟੈਸਟ ਦੀ ਸ਼ਰਤ ਵਾਪਸ ਲੈਣ ਤੱਕ ਉਨ੍ਹਾਂ ਦਾ ਇਹ ਪੱਕਾ ਮੋਰਚਾ ਜਾਰੀ ਰਹੇਗਾ।