ਰਵਿੰਦਰ ਰਵੀ
ਬਰਨਾਲਾ, 16 ਮਈ
ਇੱਥੇ ਵਿਭਾਗ ਦੇ ਕੁਝ ਮੁਲਾਜ਼ਮਾਂ ਦੀ ਮਿਲੀਭੁਗਤ ਸਦਕਾ ਠੇਕੇਦਾਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਆਮ ਵਿਅਕਤੀਆਂ ਨੂੰ ਪੈਲੇਸਾਂ ’ਚ ਵਿਆਹ ਅਤੇ ਹੋਰ ਸਮਾਗਮ ਕਰਨ ਤੋਂ ਡਰ ਲੱਗਣ ਲੱਗਾ ਹੈ। ਸ਼ਰਾਬ ਦੇ ਠੇਕੇਦਾਰਾਂ ਨੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਵਿਭਾਗ ਦੇ ਅਧਿਕਾਰੀਆਂ ਦੀ ਸਰਪ੍ਰਸਤੀ ਹੇਠ ਪੂਰੇ ਸੂਬੇ ’ਚ ਆਪਣੇ ਸਿੰਡੀਕੇਟ ਬਣਾ ਰੱਖੇ ਹਨ। ਵਿਆਹ ਅਤੇ ਸਮਾਗਮਾਂ ’ਚ ਵਰਤੀ ਜਾਣ ਵਾਲੀ ਸ਼ਰਾਬ ਨੂੰ ਠੇਕਿਆਂ ਤੋਂ ਸਸਤੇ ਭਾਅ ’ਚ ਖ਼ਰੀਦਣ ਦੀ ਬਜਾਏ ਠੇਕੇਦਾਰਾਂ ਦੇ ਬਣਾਏ ਸਿੰਡੀਕੇਟ ਤੋਂ ਮਹਿੰਗੇ ਭਾਅ ’ਚ ਖ਼ਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ। ਠੇਕੇਦਾਰ ਮਹਿਕਮੇ ਦੀ ਪ੍ਰਵਾਹ ਕੀਤੇ ਬਿਨਾਂ ਵਿਆਹ ਅਤੇ ਸਮਾਗਮ ਵਾਲੀ ਥਾਂ ਜਿੱਥੇ ਸ਼ਰਾਬ ਵਰਤਾਈ ਜਾਂਦੀ ਹੈ, ਉੱਥੇ ਆਪਣੇ ਕਰਿੰਦੇ ਖੜ੍ਹਾ ਦਿੰਦੇ ਹਨ। ਇਲਾਕੇ ਦੇ ਸਬੰਧਿਤ ਐਕਸਾਈਜ਼ ਇੰਸਪੈਕਟਰ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਇੰਸਪੈਕਟਰ ਠੇਕੇਦਾਰਾਂ ਦਾ ਹੀ ਪੱਖ ਪੂਰਦਾ ਹੈ।
ਇਸ ਤੋਂ ਇਲਾਵਾ ਜੇ ਕੋਈ ਗਾਹਕ ਠੇਕੇ ਤੋਂ ਬੀਅਰ ਜਾਂ ਸ਼ਰਾਬ ਦੀ ਬੋਤਲ ਦਾ ਬਿੱਲ ਮੰਗਣ ਦੀ ਗੁਸਤਾਖੀ ਕਰ ਲਵੇ ਤਾਂ ਉਸ ਵਿਅਕਤੀ ਲਈ ਮੁਸੀਬਤ ਖੜ੍ਹੀ ਹੋ ਜਾਂਦੀ ਹੈ ਕਿਉਂਕਿ ਠੇਕੇ ਦਾ ਕਰਿੰਦਾ ਆਪਣੇ ਮਾਲਕਾਂ ਦੀ ਸ਼ਹਿ ’ਤੇ ਕਹਿੰਦਾ ਹੈ,‘‘ਬੋਤਲ ਲੈਣੀ ਹੈ ਜਾਂ ਨਹੀਂ, ਬਿੱਲ ਬੁੱਕ ਤਾਂ ਅਸੀਂ ਕਦੇ ਜ਼ਿੰਦਗੀ ਵਿੱਚ ਦੇਖੀ ਹੀ ਨਹੀਂ, ਇੰਨੇ ਸਾਲ ਠੇਕੇ ’ਤੇ ਕੰਮ ਕਰਦਿਆਂ ਨੂੰ ਹੋਗੇ।’’ ਖਰੀਦਦਾਰ ਮਾਯੂਸ ਜਿਹਾ ਹੋ ਕੇ ਮਹਿਕਮੇ ਨੂੰ ਕੋਸਦਾ ਹੋਇਆ ਮਜਬੂਰੀ ਵਿੱਚ ਸ਼ਰਾਬ ਖ਼ਰੀਦ ਲੈਂਦਾ ਹੈ। ਜਦੋਂ ਕਿ ਵਿਭਾਗ ਵੱਲੋਂ ਸਮੇਂ-ਸਮੇਂ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਕੀਤਾ ਜਾਂਦਾ ਹੈ ਕਿ ਬਿਨਾਂ ਬਿੱਲ ਤੋਂ ਕੋਈ ਸਾਮਾਨ ਨਾ ਖਰਦਿਆ ਜਾਵੇ।
‘ਬਿੱਲ ਦੇਣ ਤੋਂ ਆਨਾਕਾਨੀ ਕਰਨ ਵਾਲੇ ਠੇਕੇਦਾਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ’
ਵਿਭਾਗ ਦੇ ਸਹਾਇਕ ਕਮਿਸ਼ਨਰ ਚੰਦਰ ਮਹਿਤਾ ਨਾਲ ਇਸ ਸਬੰਧੀ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਵਿਭਾਗੀ ਨਿਯਮਾਂ ਅਨੁਸਾਰ ਠੇਕੇਦਾਰ ਸਿੰਡੀਕੇਟ ਨਹੀਂ ਬਣਾ ਸਕਦੇ। ਜੇ ਵਿਭਾਗ ਦਾ ਕੋਈ ਅਧਿਕਾਰੀ ਜਾਂ ਮੁਲਾਜ਼ਮ ਠੇਕੇਦਾਰਾਂ ਦੀ ਪੁਸ਼ਤਪਨਾਹੀ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਬਿੱਲਾਂ ਸਬੰਧੀ ਉਨ੍ਹਾਂ ਕਿਹਾ ਕਿ ਜੇ ਕੋਈ ਠੇਕੇਦਾਰ ਗਾਹਕ ਨੂੰ ਬਿੱਲ ਦੇਣ ਤੋਂ ਆਨਾਕਾਨੀ ਕਰਦਾ ਹੈ ਤਾਂ ਠੇਕੇਦਾਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।