ਪੱਤਰ ਪ੍ਰੇਰਕ
ਫਗਵਾੜਾ, 30 ਜੂਨ
ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਦੇ ਠੇਕਿਆਂ ਦੀ ਨਿਲਾਮੀ ਹਾਲੇ ਤੱਕ ਨਾ ਹੋ ਸਕਣ ਕਾਰਨ ਇਥੋਂ ਦੇ ਠੇਕੇ ਅੱਜ ਤੋਂ ਬੰਦ ਹੋ ਗਏ ਹਨ। ਇਸ ਸਬੰਧ ’ਚ ਸ਼ਰਾਬ ਦੇ ਠੇਕੇਦਾਰਾਂ ਨੇ ਅੱਜ ਠੇਕਿਆਂ ਦੇ ਬਾਹਰ ਲਿਖਤੀ ਸੂਚਨਾ ਲਗਾ ਦਿੱਤੀ ਹੈ ਕਿ ਅੱਜ ਤੋਂ ਠੇਕੇ ਬੰਦ ਰਹਿਣਗੇ। ਦੂਜੇ ਪਾਸੇ ਸ਼ਰਾਬ ਦੇ ਸ਼ੌਕੀਨਾਂ ਨੂੰ ਇਸ ਦੀ ਕੋਈ ਠੋਸ ਜਾਣਕਾਰੀ ਨਾ ਮਿਲਣ ਕਾਰਨ ਉਹ ਨੋਟਿਸ ਪੜ੍ਹ ਕੇ ਕਾਫ਼ੀ ਘਬਰਾ ਗਏ ਜਿਸ ਕਾਰਨ ਠੇਕਿਆਂ ’ਤੇ ਭਾਰੀ ਰਸ਼ ਪੈ ਗਿਆ। ਇਸ ਸਬੰਧ ਵਿੱਚ ਸ਼ਰਾਬ ਠੇਕੇਦਾਰ ਸੰਜੈ ਭੰਡਾਰੀ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਹਾਲੇ ਤੱਕ ਕਿਸੇ ਵੀ ਠੇਕੇਦਾਰ ਨੂੰ ਨਵੇਂ ਠੇਕੇ ਅਲਾਟ ਨਾ ਹੋਣ ਕਾਰਨ ਅਜਿਹਾ ਹੋ ਰਿਹਾ ਹੈ ਅਤੇ ਅੱਜ ਤੋਂ ਇਸ ਬਲਾਕ ਦੇ ਠੇਕੇ ਅਗਲੀ ਬੋਲੀ ਸਿਰੇ ਚੜ੍ਹਨ ਤੱਕ ਬੰਦ ਰਹਿਣਗੇ। ਸ਼ਰਾਬ ਪੀਣ ਵਾਲਿਆਂ ਨੂੰ ਹੁਣ ਸ਼ਰਾਬ ਖਰੀਦਣ ਲਈ ਫਗਵਾੜਾ ਤੋਂ ਬਾਹਰ ਗੁਰਾਇਆ, ਮੇਹਲੀ ਤੇ ਜਲੰਧਰ ਵੱਲ ਨੂੰ ਜਾਣਾ ਪਵੇਗਾ।