ਕਰਮਜੀਤ ਸਿੰਘ ਚਿੱਲਾ
ਬਨੂੜ, 1 ਮਈ
ਬਨੂੜ ਪੁਲੀਸ ਨੇ ਇੱਥੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਕਰਾਲਾ ਦੇ ਫਾਰਮ ਹਾਊਸ ਵਿੱਚ ਬਣੇ ਖੁੱਲ੍ਹੇ ਸਟੂਡੀਓ ਵਿੱਚ ਪੰਜਾਬੀ ਕਾਮੇਡੀ ਫਿਲਮ ਗਿਰਧਾਰੀ ਲਾਲ ਦੀ ਸ਼ੂਟਿੰਗ ਕਰ ਰਹੇ ਗਿੱਪੀ ਗਰੇਵਾਲ ਅਤੇ ਉਸ ਦੇ ਦਰਜਨਾਂ ਸਾਥੀਆਂ ਉੱਤੇ ਪਰਚਾ ਦਰਜ ਕੀਤਾ ਹੈ। ਥਾਣਾ ਬਨੂੜ ਦੇ ਮੁਖੀ ਬਲਵਿੰਦਰ ਸਿੰਘ ਨੇ ਸ਼ੂਟਿੰਗ ਦੀ ਇਤਲਾਹ ਮਿਲਣ ਉੱਤੇ ਪੁਲੀਸ ਪਾਰਟੀ ਨਾਲ ਛਾਪਾ ਮਾਰਿਆ। ਉਦੋਂ ਫਿਲਮ ਦੀ ਸ਼ੂਟਿੰਗ ਚੱਲ ਰਹੀ। ਇਥੇ ਬਿਨ੍ਹਾਂ ਕਿਸੇ ਪ੍ਰਵਾਨਗੀ ਦੇ ਸ਼ੂਟਿੰਗ ਚੱਲ ਰਹੀ ਸੀ। ਪੁਲੀਸ ਨੂੰ ਵੇਖਦਿਆਂ ਹੀ ਸੈੱਟ ’ਤੇ ਹਫੜਾ ਦਫੜੀ ਮੱਚ ਗਈ। ਕਈਂ ਹੋਰ ਕਲਾਕਾਰ ਮੌਕੇ ਤੋਂ ਪੱਤਰਾ ਵਾਚ ਗਏ। ਥਾਣਾ ਮੁਖੀ ਵੱਲੋਂ ਮੌਕੇ ’ਤੇ ਹੀ ਧਾਰਾ 188 ਅਧੀਨ ਕਾਰਵਾਈ ਕਰਕੇ ਪਰਚਾ ਦਰਜ ਕਰ ਦਿੱਤਾ। ਗਿੱਪੀ ਗਰੇਵਾਲ ਨੇ ਇਸ ਮੌਕੇ ਆਖਿਆ ਕਿ ਉਹ ਭਵਿੱਖ ਵਿੱਚ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਗੇ। ਇਸ ਮੌਕੇ ਬਨੂੜ ਦੇ ਕਾਂਗਰਸੀ ਆਗੂ ਅਤੇ ਸਾਬਕਾ ਐੱਮਸੀ ਗੁਰਮੇਲ ਸਿੰਘ ਫੌਜੀ ਨੇ ਗਿੱਪੀ ਗਰੇਵਾਲ ਦੀ ਜ਼ਮਾਨਤ ਲਈ, ਜਿਸ ਮਗਰੋਂ ਉਹ ਸੈੱਟ ਤੋਂ ਚਲਾ ਗਿਆ। ਇਸ ਮੌਕੇ ਸੌ ਤੋਂ ਵਧੇਰੇ ਵਿਅਕਤੀ ਮੌਜੂਦ ਸਨ। ਪੁਲੀਸ ਵੱਲੋਂ ਸ਼ੂਟਿੰਗ ਵਾਲੇ ਸਟੂਡੀਓ ਦੇ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।