ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਅਪਰੈਲ
ਲੰਬੀ ਵਿੱਚ ਕਿਸਾਨਾਂ-ਮਜ਼ਦੂਰਾਂ ’ਤੇ ਹੋਏ ਲਾਠੀਚਾਰਜ ਤੋਂ ਖਫ਼ਾ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਮੁਕਤਸਰ ਦੇ ਡਿਪਟੀ ਕਮਿਸ਼ਨਰ ਅਤੇ ਮਲੋਟ ਦੇ ਐੱਸਡੀਐੱਮ ਤੇ ਡੀਐੱਸਪੀ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਸ਼ੁਰੂ ਕੀਤਾ ਗਿਆ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਸਰਕਾਰ ਨੇ ਭਾਵੇਂ ਮੁਕਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਦਾ ਇੱਥੋਂ ਤਬਾਦਲਾ ਕਰ ਦਿੱਤਾ ਹੈ ਪਰ ਜਥੇਬੰਦੀਆਂ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਲਈ ਅੜੀਆਂ ਹੋਈਆਂ ਹਨ।
ਇਸ ਧਰਨੇ ਵਿੱਚ ਹੁਣ ਜ਼ਿਲ੍ਹੇਵਾਰ ਮੁਜ਼ਾਹਰਾਕਾਰੀ ਸ਼ਾਮਲ ਹੋ ਰਹੇ ਹਨ। ਅੱਜ ਫਾਜ਼ਿਲਕਾ ਜ਼ਿਲ੍ਹੇ ਦੀ ਵਾਰੀ ਸੀ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਭਗਤ ਸਿੰਘ ਭਲਾਈਆਣਾ, ਗੁਰਪਾਸ਼ ਸਿੰਘ ਸਿੰਘੇਵਾਲਾ, ਰਾਜਾ ਸਿੰਘ ਮਹਾਂਬੱਧਰ, ਕਾਕਾ ਸਿੰਘ ਖੁੰਡੇ ਹਲਾਲ, ਰਾਜਾ ਸਿੰਘ ਖੂਨਣ ਖੁਰਦ ਤੇ ਹਰੀ ਚੰਦ ਅਬੋਹਰ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਮੁਕਤਸਰ ਦੇ ਡੀਸੀ ਹਰਪ੍ਰੀਤ ਸੂਦਨ ਦੀ ਇੱਥੋਂ ਬਦਲੀ ਕਰ ਦਿੱਤੀ ਹੈ ਪਰ ਸਰਕਾਰ ਨੇ ਹਾਲੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਪੂਰੀ ਨਹੀਂ ਕੀਤੀ। ਇਸੇ ਤਰ੍ਹਾਂ ਸੱਤ ਮਹੀਨੇ ਬੀਤ ਜਾਣ ’ਤੇ ਵੀ ਨਰਮੇ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਉਹ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ। ਇਸ ਮੌਕੇ ਗੁਰਮੀਤ ਸਿੰਘ, ਜਗਸੀਰ ਸਿੰਘ ਘੋਲਾ, ਜਸਪ੍ਰੀਤ ਕੌਰ, ਰਾਜਦੀਪ ਕੌਰ, ਸੁਖਰਾਜ ਸਿੰਘ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਪਹਿਲਾਂ ਲੰਗਰ ਤਿਆਰ ਕਰ ਕੇ ਮਗਰੋਂ ਸਟੇਜ ’ਤੇ ਤਕਰੀਰਾਂ ਕਰਦੇ ਨੇ ਕਿਸਾਨ-ਮਜ਼ਦੂਰ ਆਗੂ
ਮੁਕਤਸਰ ਵਿਚ ਚੱਲ ਰਹੇ ਧਰਨੇ ਦੌਰਾਨ ਲੰਗਰ, ਚਾਹ-ਪਾਣੀ ਅਤੇ ਥਾਂ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ, ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਜਥੇਬੰਦੀਆਂ ਲੰਬੀ ਲੜਾਈ ਦੇ ਰੌਂਅ ’ਚ ਹਨ। ਕਿਸਾਨ-ਮਜ਼ਦੂਰ ਆਗੂ ਪਹਿਲਾਂ ਲੰਗਰ ਤਿਆਰ ਕਰਦੇ ਹਨ ਅਤੇ ਮਗਰੋਂ ਧਰਨੇ ਵਿੱਚ ਤਕਰੀਰਾਂ ਕਰਦੇ ਹਨ। ਇਸੇ ਲੰਗਰ ’ਚੋਂ ਪੁਲੀਸ ਮੁਲਾਜ਼ਮ ਵੀ ਭੋਜਨ ਛਕਦੇ ਹਨ। ਕਿਸਾਨ ਆਗੂ ਕਾਕਾ ਸਿੰਘ ਖੁੰਡੇ ਹਲਾਲ ਨੇ ਦੱਸਿਆ ਕਿ ਬਹੁਤੇ ਮੁਜ਼ਾਹਰਾਕਾਰੀ ਆਪਣੀ ਰੋਟੀ ਨਾਲ ਲੈ ਕੇ ਆਉਂਦੇ ਹਨ ਪਰ ਫਿਰ ਵੀ ਉਹ ਰੋਜ਼ ਦੋ-ਢਾਈ ਸੌ ਬੰਦੇ ਦਾ ਖਾਣਾ ਤਿਆਰ ਕਰਦੇ ਹਨ। ਚਾਹ ਵਾਸਤੇ ਦੁੱਧ ਪਿੰਡਾਂ ’ਚੋਂ ਆਉਂਦਾ ਹੈ। ਰਾਤ ਨੂੰ ਵੀ ਉਹ ਖੁੱਲ੍ਹੇ ਵਿੱਚ ਹੀ ਸੌਂਦੇ ਹਨ।