ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 23 ਫਰਵਰੀ
ਪੁਲੀਸ ਥਾਣਾ ਕਾਹਨੂੰਵਾਨ ਅਧੀਨ ਪੈਂਦੀ ਇੰਡੇਨ ਗੈੱਸ ਏਜੰਸੀ ਦੇ ਕਰਿੰਦੇ ਕੋਲੋਂ ਕਾਰ ਸਵਾਰ ਲੁਟੇਰਿਆਂ ਨੇ ਕਰੀਬ ਢਾਈ ਲੱਖ ਰੁਪਏ ਲੁੱਟ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਗੈੱਸ ਏਜੰਸੀ ਦਾ ਕਰਿੰਦਾ ਦੌਲਤ ਸਿੰਘ ਵਾਸੀ ਨੈਨੋਕੋਟ ਗੈੱਸ ਸਿਲੰਡਰਾਂ ਦੀ ਰਕਮ ਲੈ ਕੇ ਚੱਕ ਸ਼ਰੀਫ਼ ਰੋਡ ਸਥਿਤ ਗੁਦਾਮ ਤੋਂ ਏਜੰਸੀ ਦੇ ਦਫ਼ਤਰ ਨੂੰ ਪਰਤ ਰਿਹਾ ਸੀ। ਜਦੋਂ ਉਹ ਏਜੰਸੀ ਤੋਂ ਕੁਝ ਦੂਰੀ ਉੱਤੇ ਪਿੰਡ ਬਸੰਤਗੜ੍ਹ ਨੇੜੇ ਪਹੁੰਚਿਆ ਤਾਂ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਏਜੰਸੀ ਦੇ ਮਾਲਕ ਹਰਮੀਤ ਸਿੰਘ ਕਾਲੜਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਥਾਣਾ ਕਾਹਨੂੰਵਾਨ ਪੁਲੀਸ ਨੂੰ ਦਿੱਤੀ ਗਈ ਹੈ। ਥਾਣਾ ਕਾਹਨੂੰਵਾਨ ਦੇ ਮੁਖੀ ਹਿਮਾਂਸ਼ੂ ਭਗਤ ਨੇ ਕਿਹਾ ਕਿ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੁਟੇਰਿਆਂ ਨੂੰ ਦੀ ਭਾਲ ਕੀਤੀ ਜਾ ਰਹੀ ਹੈ।