ਜਸਬੀਰ ਸਿੰਘ ਚਾਨਾ
ਫਗਵਾੜਾ, 30 ਮਈ
ਸਿਟੀ ਪੁਲੀਸ ਨੇ ਇੱਕ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ 7 ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਸਿਟੀ ਬਲਵਿੰਦਰਪਾਲ ਤੇ ਐਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਰਵੀ ਪੁੱਤਰ ਮੋਹਨ ਲਾਲ ਵਾਸੀ ਮੰਢਾਲੀ, ਦਮਨਦੀਪ ਕੁਮਾਰ ਉਰਫ਼ ਦੀਪਾ ਪੁੱਤਰ ਚੰਦਰ ਹੰਸ ਵਾਸੀ ਕੁਲਥਮ, ਪ੍ਰਦੀਪ ਪੁੱਤਰ ਸੁਰੇਸ਼ ਵਾਸੀ ਪਿੰਡ ਜਰਾਵਰ ਜੰਗ ਹਾਲ ਵਾਸੀ ਰਣਜੀਤ ਨਗਰ ਫਗਵਾੜਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ 28 ਮਈ ਨੂੰ ਗੁਰੂ ਹਰਕ੍ਰਿਸ਼ਨ ਨਗਰ ਵਿਖੇ ਪੰਕਜ ਚੋਪੜਾ ਦੇ ਘਰ ਕੋਲੋਂ ਚੋਰੀ ਹੋਏ ਪਲੈਟੀਨਾ ਮੋਟਰਸਾਈਕਲ ਦੇ ਮਾਮਲੇ ਨੂੰ ਹੱਲ ਕਰਦਿਆਂ ਪੁਲੀਸ ਨੇ ਰਵੀ ਤੇ ਦਮਨਦੀਪ ਨੂੰ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ ਤੇ ਇਨ੍ਹਾਂ ਪਾਸੋਂ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਇਨ੍ਹਾਂ ਮੰਨਿਆ ਕਿ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਉਨ੍ਹਾਂ 6 ਹੋਰ ਮੋਟਰਸਾਈਕਲ ਚੋਰੀ ਕੀਤੇ ਹਨ ਜੋ ਮੋਟਰਸਾਈਕਲ ਇਨ੍ਹਾਂ ਨੇ ਹੁਸ਼ਿਆਰਪੁਰ ਰੋਡ ਵਿੱਖੇ ਸਥਿਤ ਇੱਕ ਪ੍ਰਦੀਪ ਸਪੇਅਰ ਪਾਰਟਸ ਨਾਮੀ ਦੁਕਾਨ ਨੂੰ ਵੇਚ ਦਿੱਤੇ ਹਨ ਜਿਸ ’ਤੇ ਪੁਲੀਸ ਨੇ ਕਾਰਵਾਈ ਕਰਦਿਆਂ ਦੁਕਾਨ ਮਾਲਕ ਪ੍ਰਦੀਪ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਤੇ ਬਾਕੀ ਮੋਟਰਸਾਈਕਲ ਵੀ ਬਰਾਮਦ ਕਰ ਲਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਲੈ ਲਿਆ ਹੈ ਤੇ ਅਗਲੀ ਪੁੱਛਗਿੱਛ ਜਾਰੀ ਹੈ।
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਪੁਲੀਸ ਥਾਣਾ ਝੰਡੇਰ ਨੇ ਇਕ ਮੋਟਰਸਾਈਕਲ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਐੱਸਐੱਚਓ ਚਰਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਦਲਬੀਰ ਸਿੰਘ, ਸੋਨੂ ਪੁੱਤਰ ਬੂਟਾ ਸਿੰਘ ਅਤੇ ਸਾਜਨ ਸਿੰਘ ਪੁੱਤਰ ਰੁਪਿੰਦਰ ਸਿੰਘ ਵਾਸੀ ਤੇੜਾ ਖੁਰਦ ਵਜੋੋਂ ਹੋਈ ਹੈ ਤੇ ਇਨ੍ਹਾਂ ਤੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਆਦਮਪੁਰ ਦੋਆਬਾ ’ਚ ਲੁੱਟਾਂ-ਖੋਹਾਂ ਕਰਨ ਵਾਲੇ ਕਾਬੂ
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 3 ਮੈਂਬਰਾਂ ਨੂੰ ਲੁੱਟ ਦੇ ਸਾਮਾਨ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ 17 ਫਰਵਰੀ ਨੂੰ ਬਿੰਦਰ ਕੁਮਾਰ ਵਾਸੀ ਸੁੰਦਰਪੁਰ ਦੋਲਿਕੇ ਤੋਂ ਐਕਟਿਵਾ ਸਵਾਰ ਕੁਝ ਨੌਜਵਾਨਾਂ ਨੇ ਦਾਤਰ ਦਿਖਾ ਕੇ ਮੋਬਾਈਲ ਫੋਨ ਤੇ ਨਗਦੀ ਖੋਹ ਲਈ ਸੀ ਜਿਸ ’ਤੇ ਪੁਲੀਸ ਨੇ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਸੋਨੂੰ ਪੁੱਤਰ ਮਲਕੀਤ ਸਿੰਘ ਵਾਸੀ ਤਲਵੰਡੀ ਭੀਨਾ ਥਾਣਾ ਕਰਤਾਰਪੁਰ, ਕੁਲਵੀਰ ਸਿੰਘ ਉਰਫ ਲੱਕੀ ਪੁੱਤਰ ਹਰਮੇਸ਼ ਲਾਲ ਵਾਸੀ ਤਲਵੰਡੀ ਭੀਨਾ ਥਾਣਾ ਕਰਤਾਰਪੁਰ, ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਅਵਤਾਰ ਸਿੰਘ ਵਾਸੀ ਚਕਰਾਲਾ ਥਾਣਾ ਕਰਤਾਰਪੁਰ ਵਜੋਂ ਹੋਈ ਹੈ। ਜੱਦ ਕਿ ਇਨ੍ਹਾਂ ਦੇ ਚੌਥਾਂ ਸਾਥੀ ਮਨੀ ਪੁੱਤਰ ਸਵਰਨ ਸਿੰਘ ਵਾਸੀ ਚਕਰਾਲਾ ਥਾਣਾ ਕਰਤਾਰਪੁਰ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ 16 ਲੁੱਟਾਂ ਖੋਹਾਂ ਕੀਤੀਆਂ ਹਨ ਤੇ ਇਨ੍ਹਾਂ ਪਾਸੋਂ 6 ਖੋਹੇ ਹੋਏ ਮੋਬਾਈਲ ਫੋਨ, ਚੋਰੀ ਕੀਤਾ ਮੋਟਰਸਾਈਕਲ ਅਤੇ ਐਕਟਿਵਾ ਬਰਾਮਦ ਕੀਤੀ ਹੈ।