ਸੰਜੀਵ ਬੱਬੀ
ਚਮਕੌਰ ਸਾਹਿਬ, 25 ਮਈ
ਕਸਬਾ ਬੇਲਾ-ਬਹਿਰਾਮਪੁਰ ਬੇਟ ਸੜਕ ਤੇ ਪੈਂਦੇ ਪਿੰਡ ਬਲਰਾਮਪੁਰ ਦੇ ਨਜ਼ਦੀਕ ਸਾਢੇ ਤਿੰਨ ਏਕੜ ਜ਼ਮੀਨ ਵਿੱਚ ਪਰਾਲੀ ਦੀਆਂ ਗੱਠਾਂ ਦੇ ਭੰਡਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੂੰ ਅੱਗ ਬੁਝਾਊ ਗੱਡੀਆਂ ਨਾਲ ਜੇਸੀਬੀ ਮਸ਼ੀਨ ਦੀ ਸਹਾਇਤਾ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਪੀਆਰਈਐੱਸਪੀਸੀ ਨਾਮਕ ਕੰਪਨੀ ਦੇ ਜਨਰਲ ਮੈਨੇਜਰ ਮਹਿੰਦਰ ਪ੍ਰਤਾਪ ਅਤੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਕੰਪਨੀ ਨੇ ਸੰਨ 2019 ਵਿੱਚ ਸਤਨਾਮ ਸਿੰਘ ਵਾਸੀ ਬੇਲਾ ਤੋਂ ਕਰੀਬ ਸਾਢੇ ਤਿੰਨ ਏਕੜ ਜ਼ਮੀਨ ਵਿੱਚ ਝੋਨੇ ਦੀ ਰਹਿੰਦ ਖੂੰਹਦ (ਪਰਾਲੀ) ਦੀਆਂ 288492 ਲੱਖ ਮੀਟ੍ਰਿਕ ਟਨ ਗੱਠਾਂ ਦਾ ਭੰਡਾਰ ਕੀਤਾ ਹੋਇਆ ਸੀ, ਜੋ ਕਿ ਅੰਬੂਜਾ ਫੈਕਟਰੀ ਨੂੰ ਸਪਲਾਈ ਕੀਤੀਆਂ ਜਾਣੀਆਂ ਸਨ, ਪਰ ਕਰੋਨਾ ਬਿਮਾਰੀ ਕਾਰਨ ਉਕਤ ਗੱਠਾਂ ਸਪਲਾਈ ਨਹੀਂ ਕੀਤੀਆਂ ਜਾ ਸਕੀਆਂ। ਉਨ੍ਹਾਂ ਦੱਸਿਆ ਕਿ ਅੱਜ ਅਚਾਨਕ ਹੀ ਗੱਠਾਂ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਅੱਗ ਕਾਰਨ ਕੰਪਨੀ ਦਾ 50 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਖਬਰ ਲਿਖੇ ਜਾਣ ਤੱਕ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ।