ਚਰਨਜੀਤ ਭੁੱਲਰ
ਚੰਡੀਗੜ੍ਹ, 22 ਅਪਰੈਲ
ਪੰਜਾਬ ਦੇ ਵਜ਼ੀਰਾਂ ਅਤੇ ਵਿਧਾਇਕਾਂ ਨੇ ਕਿਸਾਨਾਂ ਦੇ ਗੁੱਸੇ ਦੇ ਡਰੋਂ ਖਰੀਦ ਕੇਂਦਰਾਂ ਤੋਂ ਦੂਰੀ ਬਣਾ ਲਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਲੇ ਤੱਕ ਬਾਰਦਾਨੇ ਦੀ ਤੋਟ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਵਿਰੋਧੀ ਧਿਰਾਂ ਵੱਲੋਂ ਮੰਡੀਆਂ ਵਿਚ ਗੇੜੇ ਮਾਰੇ ਜਾ ਰਹੇ ਹਨ। ਜਦੋਂ ਪੰਜਾਬ ਵਿੱਚ 10 ਅਪਰੈਲ ਨੂੰ ਕਣਕ ਦੀ ਖਰੀਦ ਸ਼ੁਰੂ ਹੋਈ ਤਾਂ ਹਾਕਮ ਧਿਰ ਦੇ ਬਹੁਤੇ ਵਿਧਾਇਕਾਂ ਤੋਂ ਇਲਾਵਾ ਵਜ਼ੀਰਾਂ ਨੇ ਪਹਿਲੀ ਬੋਲੀ ਵੀ ਲਗਵਾਈ ਸੀ।
ਪੰਜਾਬ ’ਚ ਮੰਡੀਆਂ ਹੁਣ ਨੱਕੋ-ਨੱਕ ਭਰ ਗਈਆਂ ਹਨ ਅਤੇ ਬਾਰਦਾਨੇ ਦੀ ਕਮੀ ਕਰਕੇ ਹਾਹਾਕਾਰ ਮੱਚੀ ਹੋਈ ਹੈ। ਕਣਕ ਦੀ ਤੇਜ਼ੀ ਨਾਲ ਹੋਈ ਵਾਢੀ ਨੇ ਪੰਜਾਬ ਸਰਕਾਰ ਦੀ ਗਿਣਤੀ ਮਿਣਤੀ ਫੇਲ੍ਹ ਕਰ ਦਿੱਤੀ ਹੈ ਅਤੇ ਬਾਰਦਾਨੇ ਦੇ ਢੁਕਵੇਂ ਪ੍ਰਬੰਧ ਕਰਨ ਵਿੱਚ ਪੰਜਾਬ ਸਰਕਾਰ ਫੇਲ੍ਹ ਹੋ ਗਈ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਰੀਬ 66.44 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਅਤੇ ਹਾਲੇ ਤੱਕ ਮੰਡੀਆਂ ’ਚੋਂ ਸਿਰਫ 38 ਫੀਸਦੀ ਖਰੀਦ ਕੀਤੀ ਫ਼ਸਲ ਚੁੱਕੀ ਗਈ ਹੈ।
ਬਹੁਤੇ ਜ਼ਿਲ੍ਹਿਆਂ ਵਿਚ ਤਾਂ ਡਿਪਟੀ ਕਮਿਸ਼ਨਰ ਵੀ ਕਿਸਾਨਾਂ ਦੇ ਘਿਰਾਓ ਦੇ ਡਰ ਕਰਕੇ ਮੰਡੀਆਂ ਤੋਂ ਦੂਰੀ ਬਣਾਈ ਬੈਠੇ ਹਨ। ਹਾਕਮ ਧਿਰ ਦਾ ਕੋਈ ਵੀ ਵਿਧਾਇਕ ਮੰਡੀਆਂ ਵਿਚ ਨਜ਼ਰ ਨਹੀਂ ਪੈ ਰਿਹਾ ਹੈ। ਦੂਸਰੀ ਤਰਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਖਰੀਦ ਕੇਂਦਰਾਂ ਵਿਚ ਦੌਰਾ ਕਰਕੇ ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧੇ। ਹਰਿਆਣਾ ਵਿੱਚ ਨਜ਼ਰ ਮਾਰੀਏ ਤਾਂ ਉਥੇ ਕਾਂਗਰਸੀ ਆਗੂ ਮੰਡੀਆਂ ਵਿਚ ਕੁੱਦੇ ਹੋਏ ਹਨ ਅਤੇ ਭਾਜਪਾ ਆਗੂ ਗਾਇਬ ਹਨ।
ਕਿਸਾਨਾਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਆਗੂ ਦੀ ਪਿੰਡ ਰੁੜਕੀ ਵਿੱਚ ਘੇਰਾਬੰਦੀ ਕਰ ਲਈ ਜਦੋਂ ਕਿ ਸੰਗਰੂਰ ਦੇ ਪਿੰਡ ਭੁਟਾਲ ਕਲਾਂ ਵਿਚ ਇੱਕ ਮਹਿਲਾ ਖਰੀਦ ਇੰਸਪੈਕਟਰ ਦਾ ਕਿਸਾਨਾਂ ਨੇ ਘਿਰਾਓ ਕੀਤਾ।
ਪੰਜਾਬ ਸਰਕਾਰ ਤਰਫੋਂ ਆੜ੍ਹਤੀਆਂ ਨੂੰ ਪੁਰਾਣਾ ਬਾਰਦਾਨਾ ਵਰਤਣ ਲਈ ਆਖ ਦਿੱਤਾ ਗਿਆ ਹੈ ਪ੍ਰੰਤੂ ਆੜ੍ਹਤੀਏ ਫੰਡ ਨਾ ਮਿਲਣ ਦੇ ਡਰੋਂ ਪੁਰਾਣੇ ਬਾਰਦਾਨੇ ’ਤੇ ਖਰਚ ਕਰਨ ਤੋਂ ਗੁੁਰੇਜ਼ ਕਰ ਰਹੇ ਹਨ। ਮਾਲਵੇ ਦੇ ਜ਼ਿਲ੍ਹਿਆਂ ਵਿੱਚ 50 ਤੋਂ 60 ਫੀਸਦੀ ਬਾਰਦਾਨੇ ਦੀ ਕਮੀ ਦੱਸੀ ਜਾ ਰਹੀ ਹੈ।
ਭਾਰਤੀ ਖੁਰਾਕ ਨਿਗਮ ਕੋਲ ਵੀ ਪੰਜਾਹ ਫੀਸਦੀ ਹੀ ਬਾਰਦਾਨਾ ਹੈ। ਐੱਫਸੀਆਈ ਪੰਜਾਬ ਵਿਚ ਫ਼ਸਲ ਘੱਟ ਖਰੀਦ ਕਰ ਰਹੀ ਹੈ ਜਦੋਂ ਕਿ ਹਰਿਆਣਾ ਵਿੱਚ ਐੱਫਸੀਆਈ ਨੇ 20 ਅਪਰੈਲ ਤੱਕ 3.41 ਲੱਖ ਮੀਟ੍ਰਿਕ ਟਨ ਫ਼ਸਲ ਖਰੀਦ ਲਈ ਹੈ। ਪੰਜਾਬ ’ਚ ਜੋ ਐੱਫਸੀਆਈ ਕੋਲ ਮੰਡੀਆਂ ਹਨ, ਉਨ੍ਹਾਂ ਵਿਚ ਸਭ ਤੋਂ ਵਧ ਸਮੱਸਿਆ ਆ ਰਹੀ ਹੈ। ਪੰਜਾਬ ਮੰਡੀ ਬੋਰਡ ਕੋਲ ਹੁਣ ਤੱਕ ਮੰਡੀਆਂ ’ਚੋਂ 650 ਸ਼ਿਕਾਇਤਾਂ ਪੁੱਜ ਚੁੱਕੀਆਂ ਹਨ। ਸਭ ਤੋਂ ਵੱਧ ਸ਼ਿਕਾਇਤਾਂ ਬਾਰਦਾਨੇ ਦੀ ਕਮੀ ਦੀਆਂ ਹਨ। ਅੱਜ ਬਠਿੰਡਾ ਜ਼ਿਲ੍ਹੇ ਵਿਚ ਬਠਿੰਡਾ ਬਾਦਲ ਸੜਕ ’ਤੇ ਪਿੰਡ ਨਰੂਆਣਾ ਦੇ ਕਿਸਾਨਾਂ ਨੇ ਸੜਕ ਜਾਮ ਕੀਤੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਬਾਰਦਾਨੇ ਦੀ ਕਮੀ ਨੇ ਪੰਜਾਬ ਸਰਕਾਰ ਦਾ ਕਿਸਾਨ ਹਿਤੈਸ਼ੀ ਚਿਹਰਾ ਵੀ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਵਾਪਸ ਨਾ ਲੈ ਕੇ ਸੜਕਾਂ ’ਤੇ ਬੈਠਣ ਲਈ ਮਜਬੂਰ ਕਰ ਰਹੀ ਹੈ ਤਾਂ ਪੰਜਾਬ ਸਰਕਾਰ ਵੀ ਹੁਣ ਘੱਟ ਨਹੀਂ ਗੁਜ਼ਾਰ ਰਹੀ ਹੈ। ਦੱਸਣਯੋਗ ਹੈ ਕਿ ਕਿਸਾਨ ਧਿਰਾਂ ਨੇ ਕਿਸਾਨ ਆਗੂ ਮੰਡੀਆਂ ਵਿਚ ਬਿਠਾਏ ਹਨ ਤਾਂ ਜੋ ਬਾਰਦਾਨੇ ਲਈ ਸੰਘਰਸ਼ ਕੀਤਾ ਜਾ ਸਕੇ। ਇਸ ਸਬੰਧੀ ਜਦੋਂ ਖੁੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਛੇ ਲੱਖ ਕਿਸਾਨ ਰਜਿਸਟਰਡ ਕੀਤੇ : ਚੇਅਰਮੈਨ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਸਿੱਧੀ ਅਦਾਇਗੀ ਲਈ ਹੁਣ ਤੱਕ ਪੰਜਾਬ ਦੇ 12 ਲੱਖ ਕਿਸਾਨਾਂ ’ਚੋਂ ਛੇ ਲੱਖ ਕਿਸਾਨਾਂ ਦੇ ਲੋੜੀਂਦੇ ਦਸਤਾਵੇਜ਼ ਅਪਲੋਡ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹਾਇਤਾ ਲਈ ਮੰਡੀ ਬੋਰਡ ਨੇ ਅਨਾਜ ਖਰੀਦ ਕੇਂਦਰਾਂ ਵਿਚ ਸਹਾਇਤਾ ਕੇਂਦਰ ਸਥਾਪਿਤ ਕੀਤੇ ਹਨ ਤਾਂ ਜੋ ਸਿੱਧੀ ਅਦਾਇਗੀ ਲਈ ਕਿਸਾਨਾਂ ਨੂੰ ਨਵੇਂ ਪੋਰਟਲ ਤੇ ਰਜਿਸਟਰਡ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਹੁਣ ਤੱਕ 10.59 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ।