ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਪੰਜਾਬ ਸਟੇਟ ਲਾਟਰੀਜ਼ ਦਾ ‘ਡੀਅਰ ਸਾਵਨ ਬੰਪਰ’ ਇਸ ਵਾਰ ਲੁਧਿਆਣਾ ਦੀ ਸੁਆਣੀ ਨੂੰ ਮਿਲਿਆ ਹੈ। ਉਸ ਨੂੰ ਢਾਈ ਕਰੋੜ ਦਾ ਪਹਿਲਾ ਇਨਾਮ ਦਿੱਤਾ ਗਿਆ। ਵਿਭਾਗ ਅਨੁਸਾਰ ਡੀਅਰ ਸਾਵਨ ਬੰਪਰ ਲਾਟਰੀ ਦਾ ਡਰਾਅ ਲੁਧਿਆਣਾ ਦਫ਼ਤਰ ਵਿੱਚ ਹੋਇਆ ਜਿਸ ਵਿਚ ਪਹਿਲਾ ਇਨਾਮ ਲੁਧਿਆਣਾ ਦੀ ਰਾਖੀ ਗੁੰਬਰ ਨੂੰ ਹਾਸਲ ਹੋਇਆ। ਉਸ ਦੀ ਜੇਤੂ ਟਿਕਟ ਦਾ ਨੰਬਰ ਬੀ 753474 ਹੈ। ਰਾਖੀ ਨੇ ਦੱਸਿਆ ਕਿ ਉਸ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਉਸ ਦੀ ਖਰੀਦੀ ਟਿਕਟ ਦਾ ਪਹਿਲਾ ਇਨਾਮ ਨਿਕਲਿਆ ਹੈ। ਜਦੋਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਪਹਿਲਾ ਇਨਾਮ ਮਿਲਣ ਦੀ ਜਾਣਕਾਰੀ ਮਿਲੀ ਤਾਂ ਪਰਿਵਾਰ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਜਿੱਤ ਦੇ ਪੈਸੇ ਨੂੰ ਜੇਤੂ ਵੱਲੋਂ ਆਪਣੇ ਪਰਿਵਾਰ ਦੇ ਭਵਿੱਖ ਦੀ ਬਿਹਤਰੀ ਲਈ ਖਰਚਿਆ ਜਾਵੇਗਾ।