ਪੱਤਰ ਪ੍ਰੇਰਕ
ਹੰਡਿਆਇਆ, 15 ਜੁਲਾਈ
ਪਤਨੀ ਵੱਲੋਂ ਕੈਨੇਡਾ ਨਾ ਬੁਲਾਏ ਜਾਣ ’ਤੇ ਬੀਤੇ ਦਿਨੀਂ ਖ਼ੁਦਕੁਸ਼ੀ ਕਰ ਗਏ ਧਨੌਲਾ ਦੇ ਪਿੰਡ ਕੋਠੇ ਗੋਬਿੰਦਪੁਰਾ ਦੇ ਲਵਪ੍ਰੀਤ ਸਿੰਘ ਉਰਫ਼ ਲਾਡੀ ਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਦੇ ਪਿੰਡ ਖੁੱਡੀ ਕਲਾਂ ਪੇਕੇ ਘਰ ਪੁੱਜੇ ਇੱਕ ਨਕਲੀ ਇਮੀਗ੍ਰੇਸ਼ਨ ਅਧਿਕਾਰੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਬੇਅੰਤ ਕੌਰ ਦੇ ਪਿਤਾ ਜਗਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ 8 ਕੁ ਵਜੇ ਦੇ ਕਰੀਬ ਇੱਕ ਵਿਅਕਤੀ ਉਨ੍ਹਾਂ ਦੇ ਘਰ ਕਾਰ ਵਿੱਚ ਆਪਣੇ ਸਾਥੀ ਸਣੇ ਆਇਆ ਤੇ ਖ਼ੁਦ ਨੂੰ ਇਮੀਗ੍ਰੇਸ਼ਨ ਦਾ ਪੱਕਾ ਮੁਲਾਜ਼ਮ ਦੱਸਿਆ। ਉਸ ਨੇ ਬੇਅੰਤ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਹੋਣ ਤੋਂ ਬਚਾਉਣ ਬਦਲੇ ਕਥਿਤ ਤੌਰ ’ਤੇ 2 ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ 50 ਹਜ਼ਾਰ ਰੁਪਏ ਮੌਕੇ ’ਤੇ ਅਤੇ ਬਾਕੀ ਪੈਸੇ ਮਗਰੋਂ ਦੇਣ ਦੀ ਗੱਲ ਵੀ ਆਖੀ। ਪਰਿਵਾਰ ਨੂੰ ਉਸ ’ਤੇ ਸ਼ੱਕ ਹੋਣ ’ਤੇ ਬੇਅੰਤ ਕੌਰ ਦੇ ਪਿਤਾ ਨੇ ਪਿੰਡ ਦੇ ਸਰਪੰਚ ਤੇ ਪੰਚਾਇਤ ਮੈਂਬਰਾਂ ਨੂੰ ਸੂਚਿਤ ਕਰ ਕੇ ਮੁਲਜ਼ਮ ਨੂੰ ਹੰਡਿਆਇਆ ਪੁਲੀਸ ਦੇ ਹਵਾਲੇ ਕਰ ਦਿੱਤਾ।
ਪੁਲੀਸ ਚੌਕੀ ਹੰਡਿਆਇਆ ਦੇ ਇੰਚਾਰਜ ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਨਵਦੀਪ ਸਿੰਘ ਵਾਸੀ ਸ਼ਕਤੀ ਨਗਰ, ਵਾਰਡ ਨੰਬਰ 10, ਭੋਗਪੁਰ ਵਜੋਂ ਹੋਈ ਹੈ। ਉਹ ਇਮੀਗ੍ਰੇਸ਼ਨ ਦਾ ਅਧਿਕਾਰੀ ਬਣ ਕੇ ਬੇਅੰਤ ਕੌਰ ਦੇ ਘਰ ਗਿਆ ਤੇ ਪਰਿਵਾਰ ਨੂੰ ਆਖਿਆ ਕਿ ਉਹ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬੇਅੰਤ ਕੌਰ ਦੀ ਵੈਰੀਫਿਕੇਸ਼ਨ ਕਰਨ ਆਇਆ ਹੈ ਪਰ ਪਰਿਵਾਰ ਨੂੰ ਸ਼ੱਕ ਹੋਣ ’ਤੇ ਉਨ੍ਹਾਂ ਨੇ ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।