ਨਿਖਿਲ ਭਾਰਦਵਾਜ
ਲੁਧਿਆਣਾ, 1 ਅਕਤੂਬਰ
ਸਾਹਨੇਵਾਲ ਵਿਖੇ ਫੈਕਟਰੀ ਕਰਮਚਾਰੀ ਦੀ ਹੱਤਿਆ ਦੇ ਦੋਸ਼ ਵਿੱਚ ਲੁਧਿਆਣਾ ਪੁਲੀਸ ਵੱਲੋਂ ਹਾਲ ਹੀ ਵਿੱਚ ਗ੍ਰਿਫਤਾਰ ਕੀਤੇ ਦੋ ਮੁਲਜ਼ਮਾਂ ਵਿੱਚੋਂ ਇੱਕ ਨੇ ਅੱਜ ਸਵੇਰੇ ਸੀਆਈਏ ਹਿਰਾਸਤ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਪੁਲੀਸ ਨੇ 28 ਸਤੰਬਰ ਨੂੰ ਜਤਿੰਦਰ ਛੋਟੂ (29) ਅਤੇ ਪਰਮਜੀਤ (27) ਨੂੰ ਗ੍ਰਿਫਤਾਰ ਕੀਤਾ ਸੀ, ਜੋ ਨਟ-ਬੋਲਟ ਬਣਾਉਣ ਵਾਲੀ ਫੈਕਟਰੀ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਗਏ ਸਨ। ਦੋਵਾਂ ਨੇ ਨਟ-ਬੋਲਟਸ ਦਾ ਵੱਡਾ ਸਟਾਕ ਲੁੱਟ ਲਿਆ। ਭੱਜਣ ਸਮੇਂ ਉਨ੍ਹਾਂ ਦਾ ਫੈਕਟਰੀ ਵਰਕਰ ਭਵਾਨੀ (35) ਨਾਲ ਟਕਰਾਅ ਹੋ ਗਿਆ ਅਤੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ 24 ਘੰਟਿਆਂ ਦੇ ਅੰਦਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਪੁਲੀਸ ਰਿਮਾਂਡ ’ਤੇ ਸਨ ਅਤੇ ਉਨ੍ਹਾਂ ਨੂੰ ਸੀਆਈਏ ਵਿੱਚ ਰੱਖਿਆ ਗਿਆ ਸੀ। ਅੱਜ ਸਵੇਰੇ ਜਦੋਂ ਮੁਲਜ਼ਮ ਪਰਮਜੀਤ ਸੁੱਤਾ ਸੀ ਤਾਂ ਮੁਲਜ਼ਮ ਜਤਿੰਦਰ ਛੋਟੂ ਨੇ ਕਥਿਤ ਤੌਰ ’ਤੇ ਕੱਪੜੇ ਨਾਲ ਫਾਹਾ ਲੈ ਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।