ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ/ਐਸ.ਏ.ਐਸ. ਨਗਰ (ਮੁਹਾਲੀ), 2 ਜੂਨ
ਮੁੱਖ ਅੰਸ਼
- ਪੁਲੀਸ ਦੀ ਵਰਦੀ, ਨਕਲੀ ਆਈਡੀ ਕਾਰਡ ਤੇ ਚੀਨੀ ਪਿਸਤੌਲ ਬਰਾਮਦ
ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਅਤੇ ਸਟੇਟ ਕਰਾਈਮ ਕੰਟਰੋਲ ਯੂਨਿਟ ਨੇ ਸਾਂਝੇ ਅਪਰੇਸ਼ਨ ਤਹਿਤ ਲੁਧਿਆਣਾ ਵਿਚ ਵਾਪਰੀ ਦੋ ਕਿੱਲੋ ਸੋਨੇ ਦੀ ਡਕੈਤੀ ਦੇ ਮੁਲਜ਼ਮ ਤੇ ਖਾੜਕੂ ਕਾਰਕੁਨ ਤੇਜਿੰਦਰ ਸਿੰਘ ਉਰਫ਼ ਤੇਜਾ ਉਰਫ਼ ਜੁਝਾਰ ਸਿੰਘ ਵਾਸੀ ਮਹਿਦਪੁਰ (ਨਵਾਂ ਸ਼ਹਿਰ) ਨੂੰ ਮੁਹਾਲੀ ’ਚੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਇੱਥੋਂ ਦੇ ਫੇਜ਼-1 ਸਥਿਤ ਸਪੈਸ਼ਲ ਸੈੱਲ ਦੇ ਥਾਣੇ ਵਿਚ ਅਸਲਾ ਐਕਟ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਮੁਹਾਲੀ ਦੇ ਡੀਐੱਸਪੀ (ਡੀ) ਬਿਕਰਮਜੀਤ ਸਿੰਘ ਬਰਾੜ ਦੀ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਚੀਨ ਦਾ ਬਣਿਆ .30 ਬੋਰ ਦਾ ਪਿਸਤੌਲ, 10 ਕਾਰਤੂਸ, ਇਕ ਅਪਟਰਾ ਕਾਰ, ਪੁਲੀਸ ਦੀ ਵਰਦੀ ਅਤੇ ਪੁਲੀਸ ਦਾ ਜਾਅਲੀ ਆਈ ਕਾਰਡ (ਸੀਮਾ ਸੁਰੱਖਿਆ ਬਲ) ਬਰਾਮਦ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਤੇਜਾ ਨੇ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਪੈਸਿਆਂ ਦੇ ਜੁਗਾੜ ਲਈ ਸੋਨੇ ਦੀ ਲੁੱਟ ਕੀਤੀ ਸੀ। ਮੁਲਜ਼ਮ ਖਾਲਿਸਤਾਨੀ ਏਜੰਡੇ ਤਹਿਤ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਤਾਕ ’ਚ ਸੀ, ਜਿਸ ਨੂੰ ਇੱਥੋਂ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਜਨਵਰੀ ਮਹੀਨੇ ਖਰੜ ’ਚੋਂ ਇਕ ਫਾਰਚੂਨਰ ਗੱਡੀ ਵੀ ਖੋਹੀ ਸੀ। ਮੁਲਜ਼ਮ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਹੋਰ ਨਕਲੀ ਆਈਡੀ ਕਾਰਡ ਜਿਵੇਂ ਆਧਾਰ ਕਾਰਡ, ਨੋਇਡਾ (ਯੂਪੀ) ਤੋਂ ਡਰਾਈਵਿੰਗ ਲਾਇਸੈਂਸ ਵੀ ਤਿਆਰ ਕੀਤੇ ਸਨ। ਉਹ ਪਹਿਲਾਂ ਵੀ ਦੋ ਦਰਜਨ ਤੋਂ ਵੱਧ ਅਪਰਾਧਕ ਮਾਮਲਿਆਂ ਵਿਚ ਸ਼ਾਮਲ ਹੋਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅੱਜ ਅਦਾਲਤ ਦੀ ਥਾਂ ਡਿਊਟੀ ਮੈਜਿਸਟਰੇਟ ਦੇ ਘਰ ਪੇਸ਼ ਕਰ ਕੇ 6 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।