ਚੰਡੀਗੜ੍ਹ, 21 ਜੂਨ
ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ‘ਧਾਰਮਿਕ ਸੀਟਾਂ’ ਬਾਰੇ ਕੀਤੀਆਂ ਟਿੱਪਣੀਆਂ ਲਈ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ। ਬਿੱਟੂ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਕੋਈ ਇਰਾਦਾ ਨਹੀਂ ਸੀ। ਚੇਤੇ ਰਹੇ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਬਿੱਟੂ ਨੂੰ ਤਲਬ ਕਰਕੇ ਵਿਵਾਦਿਤ ਟਿੱਪਣੀਆਂ ਬਾਰੇ ਸਪਸ਼ਟੀਕਰਨ ਮੰਗਿਆ ਸੀ। ਵਿਧਾਇਕ ਪਵਨ ਕੁਮਾਰ ਟੋਨੀ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਕਮਿਸ਼ਨ ਕੋਲ ਬਿੱਟੂ ਵੱਲੋਂ ਦਲਿਤਾਂ ਖਿਲਾਫ਼ ਕੀਤੀਆਂ ਕਥਿਤ ‘ਜਾਤੀਗਤ’ ਟਿੱਪਣੀਆਂ ਲਈ ਸ਼ਿਕਾਇਤ ਕੀਤੀ ਸੀ। ਬਿੱਟੂ ਨੇ ਅੱਜ ਕਮਿਸ਼ਨ ਅੱਗੇ ਪੇਸ਼ ਹੁੰਦਿਆਂ ‘ਗੈਰਸੰਸਦੀ ਟਿੱਪਣੀਆਂ’ ਲਈ ਆਪਣਾ ਪੱਖ ਰੱਖਿਆ। ਇਕ ਅਧਿਕਾਰਤ ਬਿਆਨ ਵਿੱਚ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਸੁਣਵਾਈ ਦੌਰਾਨ ਬਿੱਟੂ ਨੇ ਕਿਹਾ ਕਿ ਉਨ੍ਹਾਂ ਦਾ ਅਨੁਸੂਚਿਤ ਜਾਤੀ ਭਾਈਚਾਰੇ ਖ਼ਿਲਾਫ਼ ਟਿੱਪਣੀਆਂ ਕਰਨ ਦਾ ਕੋਈ ਇਰਾਦਾ ਨਹੀਂ ਸੀ। ਬਿੱਟੂ ਨੇ ਕਿਹਾ ਕਿ ਫਿਰ ਵੀ ਜੇ ਕਿਸੇ ਨੂੰ ਇਸ ਨਾਲ ਸੱਟ ਵੱਜੀ ਹੋਵੇ ਤਾਂ ਉਹ ਇਸ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਦੇ ਹਨ। ਚੇਤੇ ਰਹੇ ਕਿ ਸ੍ਰੀ ਬਿੱਟੂ ਨੇ ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿੱਚ ਗੱਠਜੋੜ ਸਿਰੇ ਚੜ੍ਹਨ ਮਗਰੋਂ ਕਿਹਾ ਸੀ ਕਿ ਅਕਾਲੀ ਦਲ ਨੇ ‘ਆਨੰਦਪੁਰ ਸਾਹਿਬ’ ਤੇ ਚਮਕੌਰ ਸਾਹਿਬ ਜਿਹੀਆਂ ‘ਧਾਰਮਿਕ ਸੀਟਾਂ’ ਬਸਪਾ ਦੀ ਝੋਲੀ ਪਾ ਦਿੱਤੀਆਂ ਹਨ। -ਪੀਟੀਆਈ