ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਕਤੂਬਰ
ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਤੋਂ ਬਾਅਦ ਹੁਣ ਕਮਿਸ਼ਨਰੇਟ ਪੁਲੀਸ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ’ਚ ਲੱਗ ਗਈ ਹੈ। ਕਮਿਸ਼ਨਰੇਟ ਪੁਲੀਸ ਨੇ ਜੱਗੂ ਭਗਵਾਨਪੁਰੀਆ ਦੇ ਨਾਲ-ਨਾਲ ਗੈਂਗਸਟਰ ਐੱਸਕੇ ਖਰੌੜ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਲਈ ਹੈ। ਖਰੌੜ ਨੂੰ ਕਿਸੇ ਵੀ ਸਮੇਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾ ਸਕਦਾ ਹੈ। ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਤੋਂ ਬਾਅਦ ਜਿੱਥੇ ਉਨ੍ਹਾਂ ਤੋਂ ਕਤਲ ਦੇ ਮਾਮਲੇ ’ਚ ਪੁੱਛ-ਪੜਤਾਲ ਹੋਵੇਗੀ, ਉਥੇ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਸਬੰਧੀ ਪੜਤਾਲ ਹੋਵੇਗੀ। ਕਮਿਸ਼ਨਰੇਟ ਪੁਲੀਸ ਮੁਲਜ਼ਮਾਂ ਤੋਂ ਪੁਲੀਸ ਹਿਰਾਸਤ ’ਚੋਂ ਫ਼ਰਾਰ ਹੋਏ ਦੀਪਕ ਟੀਨੂ ਬਾਰੇ ’ਚ ਵੀ ਪੁੱਛਗਿੱਛ ਕਰੇਗੀ। ਇਸ ਸਮੇਂ ਕਮਿਸ਼ਨਰੇਟ ਪੁਲੀਸ ਦੇ ਕੋਲ ਰਿਮਾਂਡ ’ਤੇ ਚੱਲ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਏਜੀਟੀਐੱਫ਼ ਦੀ ਟੀਮ ਲਗਾਤਾਰ ਪੁੱਛ-ਪੜਤਾਲ ਕਰਨ ’ਚ ਲੱਗੀ ਹੋਈ ਹੈ।
ਸੂਤਰਾਂ ਮੁਤਾਬਕ ਪੁਲੀਸ ਹਿਰਾਸਤ ’ਚੋਂ ਫ਼ਰਾਰ ਦੀਪਕ ਟੀਨੂ ਬਾਰੇ ’ਚ ਲਾਰੈਂਸ ਬਿਸ਼ਨੋਈ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਲਾਰੈਂਸ ਨੇ ਕਈ ਰਾਜ ਖੋਲ੍ਹੇ ਹਨ ਜਿਸ ਦੇ ਤਾਰ ਹੋਰ ਗੈਂਗਸਟਰਾਂ ਨਾਲ ਜੁੜ ਰਹੇ ਹਨ। ਇਸ ਤੋਂ ਬਾਅਦ ਕਮਿਸ਼ਨਰੇਟ ਪੁਲੀਸ ਨੇ ਤਿਆਰੀ ਕੀਤੀ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ। ਪੁਲੀਸ ਸ਼ਹਿਰ ਦੇ ਮੇਹਰਬਾਨ ਇਲਾਕੇ ’ਚ ਕੇਬਲ ਅਪਰੇਟਰ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ’ਤੇ ਲਿਆਂਦਾ ਹੈ।