ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਗਸਤ
ਪੰਜਾਬ ਵਿਚ ਪਸ਼ੂਆਂ ਨੂੰ ਪਿਆ ਚਮੜੀ ਰੋਗ (ਲੰਪੀ ਸਕਿਨ) ਪਸ਼ੂ ਪਾਲਕਾਂ ਨੂੰ ਵਿੱਤੀ ਤੌਰ ‘ਤੇ ਮਹਿੰਗਾ ਪੈ ਰਿਹਾ ਹੈ| ਪਸ਼ੂਆਂ ਦੇ ਮਰਨ ਨਾਲ ਜਿਥੇ ਪਸ਼ੂ ਮਾਲਕਾਂ ਨੂੰ ਮਾਲੀ ਘਾਟਾ ਝੱਲਣਾ ਪੈ ਰਿਹਾ ਹੈ, ਉਥੇ ਮਰੇ ਪਸ਼ੂਆਂ ਨੂੰ ਹੱਡਾ ਰੋੜੀਆਂ ਤੱਕ ਲਿਜਾਣ ਦਾ ਰੇਟ ਵੀ ਜੇਬ੍ਹ ਨੂੰ ਸੱਟ ਮਾਰ ਰਿਹਾ ਹੈ| ਮਾਲਵਾ ਖਿੱਤੇ ਵਿਚ ਮਰੇ ਪਸ਼ੂਆਂ ਦੀ ਪ੍ਰਤੀ ਪਸ਼ੂ ਇੱਕ ਹਜ਼ਾਰ ਰੁਪਏ ਵਿੱਚ ਚੁਕਾਈ ਹੋ ਰਹੀ ਹੈ| ਬਿਮਾਰੀ ਨਾਲ ਮਰੇ ਪਸ਼ੂਆਂ ਨੂੰ ਘਰਾਂ ’ਚੋਂ ਕੋਈ ਚੁੱਕਣ ਲਈ ਤਿਆਰ ਨਹੀਂ ਹੈ| ਫਸੇ ਹੋਏ ਪਸ਼ੂ ਪਾਲਕਾਂ ਨੂੰ ਮਾਰ ਖਾਣੀ ਪੈ ਰਹੀ ਹੈ|
ਵੇਰਵਿਆਂ ਅਨੁਸਾਰ ਪੰਜਾਬ ਵਿੱਚ ਹੁਣ ਤੱਕ 1044 ਪਸ਼ੂ ਮੌਤ ਦੇ ਮੂੰਹ ਜਾ ਪਏ ਹਨ ਜਦੋਂ ਕਿ ਬਿਮਾਰ ਪਸ਼ੂਆਂ ਦਾ ਅੰਕੜਾ 44,429 ’ਤੇ ਪਹੁੰਚ ਗਿਆ ਹੈ| ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਪੰਜਾਬ ਦੇ ਦੌਰੇ ’ਤੇ ਹਨ ਪ੍ਰੰਤੂ ਪਸ਼ੂ ਪਾਲਕਾਂ ਕੋਲ ਸਰਕਾਰ ਤਰਫੋਂ ਦਵਾਈ ਕਾਫੀ ਦੇਰੀ ਨਾਲ ਪੁੱਜੀ ਹੈ| ਪੰਜਾਬ ਵਿਚ ਜੁਲਾਈ ਦੇ ਪਹਿਲੇ ਹਫਤੇ ਹੀ ਲੰਪੀ ਸਕਿਨ ਬਿਮਾਰੀ ਨੇ ਪੈਰ ਪਾ ਲਏ ਸਨ| ਹੁਣ ਤੱਕ ਸਰਕਾਰ ਨੇ ਰੋਕਥਾਮ ਲਈ 76 ਲੱਖ ਰੁਪਏ ਦੀ ਰਾਸ਼ੀ ਹੀ ਜਾਰੀ ਕੀਤੀ ਹੈ|
ਜਾਣਕਾਰੀ ਅਨੁਸਾਰ ਜ਼ਿਲ੍ਹਾ ਮੁਕਤਸਰ ਇਸ ਬਿਮਾਰੀ ਦੀ ਸਭ ਤੋਂ ਵੱਧ ਮਾਰ ਹੇਠ ਹੈ ਜਿਥੇ ਹੁਣ ਤੱਕ ਸਰਕਾਰੀ ਅੰਕੜੇ ਮੁਤਾਬਿਕ 278 ਪਸ਼ੂ ਮਰ ਚੁੱਕੇ ਹਨ ਅਤੇ 4500 ਪਸ਼ੂਆਂ ਦਾ ਇਲਾਜ ਚੱਲ ਰਿਹਾ ਹੈ| ਸੂਤਰ ਆਖਦੇ ਹਨ ਕਿ ਹਕੀਕੀ ਤੌਰ ‘ਤੇ ਇਹ ਅੰਕੜਾ ਹੋਰ ਵੀ ਵੱਡਾ ਹੈ| ਬਠਿੰਡਾ ਜ਼ਿਲ੍ਹੇ ਵਿਚ ਵੀ ਚਮੜੀ ਰੋਗ ਦਾ ਪ੍ਰਕੋਪ ਪਸ਼ੂਆਂ ਵਿਚ ਹੋਰ ਵਧ ਗਿਆ ਹੈ ਜਿਥੇ ਹੁਣ ਤੱਕ 116 ਪਸ਼ੂ ਮਰ ਚੁੱਕੇ ਹਨ ਜਦੋਂ ਕਿ 2851 ਪਸ਼ੂ ਬਿਮਾਰ ਖੜ੍ਹੇ ਹਨ| ਇਸੇ ਤਰ੍ਹਾਂ ਹੀ ਮੋਗਾ ਜ਼ਿਲ੍ਹੇ ਵਿਚ ਹੁਣ ਤੱਕ ਇਸ ਬਿਮਾਰੀ ਤੋਂ ਪੀੜਤ ਪਸ਼ੂਆਂ ਦੀ ਗਿਣਤੀ 3518 ਹੋ ਗਈ ਹੈ ਅਤੇ ਇਸ ਜ਼ਿਲ੍ਹੇ ਵਿਚ 96 ਪਸ਼ੂ ਮਰ ਚੁੱਕੇ ਹਨ| ਪੰਜਾਬ ਦਾ ਕੋਈ ਜ਼ਿਲ੍ਹਾ ਅਜਿਹਾ ਨਹੀਂ ਬਚਿਆ ਹੈ, ਜਿਥੇ ਇਸ ਬਿਮਾਰੀ ਦੀ ਮਾਰ ਨਾ ਹੋਵੇ|
ਪਸ਼ੂ ਪਾਲਣ ਮਹਿਕਮੇ ਵੱਲੋਂ ਹੁਣ ਤੱਕ 2.25 ਲੱਖ ਡੋਜ਼ਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਹੁਣ ਤੱਕ 64 ਹਜ਼ਾਰ ਡੋਜ਼ ਲਾਈ ਜਾ ਚੁੱਕੀ ਹੈ| ਮਹਿਕਮੇ ਨੂੰ ਹਾਲੇ ਤੱਕ ਦਵਾਈ ਦਾ ਕਿਧਰੋਂ ਮਾੜਾ ਅਸਰ ਨਜ਼ਰ ਨਹੀਂ ਆਇਆ ਹੈ| ਸਰਕਾਰੀ ਅਧਿਕਾਰੀ ਆਖਦੇ ਹਨ ਕਿ ਹੁਣ ਨਵੇਂ ਕੇਸ ਆਉਣੇ ਘੱਟ ਹੋ ਗਏ ਹਨ ਅਤੇ ਪੁਰਾਣੇ ਕੇਸ ਠੀਕ ਵੀ ਹੋਣ ਲੱਗੇ ਹਨ| ਦੱਸਦੇ ਹਨ ਕਿ ਅਵਾਰਾ ਪਸ਼ੂਆਂ ਦੇ ਇਸ ਬਿਮਾਰੀ ਦੇ ਲਪੇਟ ਵਿਚ ਆਉਣ ਕਰਕੇ ਕਈ ਪਿੰਡਾਂ ਵਿਚ ਸਥਿਤੀ ਨਰਕਮਈ ਬਣੀ ਹੋਈ ਹੈ|
ਸੜਕਾਂ ਕਿਨਾਰੇ ਡਿੱਗੇ ਪਏ ਪਸ਼ੂ ਬਦਬੂ ਦਾ ਕਾਰਨ ਬਣ ਰਹੇ ਹਨ| ਡੇਅਰੀ ਕਾਰੋਬਾਰੀ ਦੱਸਦੇ ਹਨ ਕਿ ਇਸ ਬਿਮਾਰੀ ਕਰਕੇ ਦੁੱਧ ਦੀ ਪੈਦਾਵਾਰ ਕਾਫੀ ਘੱਟ ਗਈ ਹੈ| ਇਹ ਬਿਮਾਰੀ ਖਾਸ ਤੌਰ ‘ਤੇ ਗਊਆਂ ਵਿਚ ਪਾਈ ਜਾ ਰਹੀ ਹੈ|