ਪੱਤਰ ਪ੍ਰੇਰਕ
ਤਰਨ ਤਾਰਨ, 4 ਸਤੰਬਰ
ਤਿੰਨ ਮਹੀਨੇ ਪਹਿਲਾਂ ਮਗਨਰੇਗਾ ਮਜ਼ਦੂਰਾਂ ਕੋਲੋਂ ਕਰਵਾਏ ਕੰਮ ਦੀਆਂ ਦਿਹਾੜੀਆਂ ਦਾ ਭੁਗਤਾਨ ਨਾ ਕਰਨ ਖਿਲਾਫ਼ ਮਜ਼ਦੂਰਾਂ ਨੇ ਅੱਜ ਇਥੋਂ ਦੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਰੋਸ ਵਿਖਾਵਾ ਕੀਤਾ| ਮਜ਼ਦੂਰਾਂ ਨੂੰ ਤੁਰੰਤ ਭੁਗਤਾਨ ਨਾ ਕਰਨ ’ਤੇ ਅੰਦੋਲਨ ਦੀ ਚਿਤਾਵਨੀ ਦਿੱਤੀ| ਬੇਵੀ ਕੌਰ ਦੇਊ ਦੀ ਅਗਵਾਈ ਵਿੱਚ ਕੀਤੀ ਇਸ ਮੀਟਿੰਗ ਨੂੰ ਸੀਟੂ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਕਾਮਰੇਡ ਲਛਮਣ ਦਾਸ ਪੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਗਨਰੇਗਾ ਮਜ਼ਦੂਰਾਂ ਕੋਲੋਂ ਇਲਾਕੇ ਦੇ ਪਿੰਡ ਦੇਊ ਦੇ ਨਹਿਰੀ ਰਜਵਾਹੇ ਦਾ ਕੰਮ ਕਰਵਾਇਆ ਗਿਆ ਸੀ ਅਤੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦਾ ਮਿਹਨਤਾਨਾ ਨਹੀਂ ਮਿਲਿਆ। ਆਗੂਆਂ ਕਿਹਾ ਕਿ ਮਜ਼ਦੂਰਾਂ ਦੇ ਮਗਨਰੇਗਾ ਕਾਰਡ ਬਣਾਉਣ ਲਈ ਗੈਰ-ਕਾਨੂੰਨੀ ਤੌਰ ’ਤੇ ਪ੍ਰਤੀ ਮਜ਼ਦੂਰ 300 ਰੁਪਏ ਵੀ ਲਏ ਗਏ ਸਨ| ਆਗੂਆਂ ਮਜ਼ਦੂਰਾਂ ਦੀਆਂ ਦਿਹਾੜੀਆਂ ਦਾ ਭੁਗਤਾਨ ਤੁਰੰਤ ਕੀਤੇ ਜਾਣ ਅਤੇ ਗੈਰ ਕਾਨੂੰਨੀ ਤੌਰ ’ਤੇ ਲਏ ਪੈਸੇ ਵਾਪਸ ਕੀਤੇ ਜਾਣ ਦੀ ਮੰਗ ਕੀਤੀ|
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਮਗਨਰੇਗਾ ਕਾਨੂੰਨ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਲੇਬਰ ਪਾਰਟੀ ਵਲੋਂ ਪਿੰਡ ਹੁੱਕੜਾਂ ਵਿਚ ਜੈ ਗੋਪਾਲ ਧੀਮਾਨ ਅਤੇ ਰਾਮ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਮਗਨਰੇਗਾ ਐਕਟ ਤਹਿਤ ਸੌ ਦਿਨਾਂ ਦੇ ਕੰਮ ਦੀ ਗਾਰੰਟੀ, ਕਿਰਤ ਕਾਨੂੰਨ 1948 ਮੁਤਾਬਕ ਘੱਟੋ-ਘੱਟ ਉਜਰਤ ਦੇਣ, ਮਗਨਰੇਗਾ ਲੋਕਪਾਲ ਦੇ ਦਫ਼ਤਰ ਨੂੰ ਖੋਲ੍ਹ ਕੇ ਰੱਖਣ, ਕੰਮ ਦੌਰਾਨ ਸਹੂਲਤਾਂ ਮੁਹੱਈਆ ਕਰਵਾਉਣ ਆਦਿ ਦੀ ਮੰਗ ਕੀਤੀ।