ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਫਰਵਰੀ
ਇਥੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਹ ਐਲਾਨ ਕਰ ਦਿੱਤਾ ਕਿ ਉਹ ਹੁਣ ਸਿਰਫ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਚੋਣ ਲੜਨਗੇ। ਉਨ੍ਹਾਂ ਮਜੀਠਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਵਾਪਸ ਲੈ ਲਿਆ ਹੈ। ਉਨ੍ਹਾਂ ਦੀ ਪਤਨੀ ਗਨੀਵ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਮਜੀਠਾ ਹਲਕੇ ਤੋਂ ਚੋਣ ਲੜੇਗੀ। ਇਹ ਐਲਾਨ ਉਨ੍ਹਾਂ ਅੱਜ ਇੱਥੇ ਪੱਤਰਕਾਰ ਮਿਲਣੀ ਦੌਰਾਨ ਕੀਤਾ। ਬੀਤੇ ਦਿਨ ਉਨ੍ਹਾਂ ਦੀ ਪਤਨੀ ਗਨੀਵ ਕੌਰ ਵੱਲੋਂ ਮਜੀਠਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਵੀ ਦਾਖ਼ਲ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ੍ਰੀ ਮਜੀਠੀਆ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਮਜੀਠਾ ਹਲਕੇ ਨੂੰ ਛੱਡ ਕੇ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ। ਅੱਜ ਇਥੇ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਆਖਿਆ ਕਿ ਮਜੀਠਾ ਹਲਕਾ ਇਕ ਤਕਨੀਕੀ ਕਾਰਨ ਕਰ ਕੇ ਛੱਡਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਫ਼ੈਸਲਾ ਕਿਸੇ ਚੁਣੌਤੀ ਕਾਰਨ ਨਹੀਂ ਲਿਆ ਸਗੋਂ ਪਾਰਟੀ ਵੱਲੋਂ ਲਾਈ ਗਈ ਜ਼ਿੰਮੇਵਾਰੀ ਲਈ ਆਪਣਾ ਫਰਜ਼ ਸਮਝਦਿਆਂ ਕੀਤਾ ਹੈ। ਸ੍ਰੀ ਮਜੀਠੀਆ ਨੇ ਕਿਹਾ ਕਿ ਉਹ ਇਸ ਹਲਕੇ ਵਿੱਚ ਚੋਣ ਲੜਦਿਆਂ ਇਕ ਹੰਕਾਰੀ ਵਿਅਕਤੀ ਦਾ ਹੰਕਾਰ ਤੋੜਨਗੇ ਅਤੇ ਉਸ ਨੂੰ ਪਿਆਰ, ਸਤਿਕਾਰ ਅਤੇ ਲੋਕਾਂ ਨਾਲ ਮਿਲਣਾ ਸਿਖਾਉਣਗੇ। ਅੰਮ੍ਰਿਤਸਰ ਪੂਰਬੀ ਹਲਕੇ ਬਾਰੇ ਆਪਣਾ ਏਜੰਡਾ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਹਲਕੇ ਦਾ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਦਾ ਤਰਜੀਹੀ ਏਜੰਡਾ ਇਸ ਹਲਕੇ ਦਾ ਵਿਕਾਸ ਕਰਨਾ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਸਿੱਧੂ ਨੂੰ ਅਕਾਲੀ ਭਾਜਪਾ, ਕੇਂਦਰ ਅਤੇ ਕਾਂਗਰਸ ਦੀ ਸਰਕਾਰ ਹੰਢਾਉਣ ਦਾ ਮੌਕਾ ਮਿਲਿਆ ਹੈ ਪਰ ਉਨ੍ਹਾਂ ਦੇ 18 ਸਾਲ ਦੇ ਸਮੇਂ ਦੌਰਾਨ ਹਲਕੇ ਦਾ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਸ੍ਰੀ ਸਿੱਧੂ ਵਲੋਂ ਕੀਤੇ ਵਾਅਦੇ ਅਤੇ ਹੋਏ ਕੰਮਾਂ ਦੀ ਇਕ ਸੂਚੀ ਵੀ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਰੱਖਣਗੇ। ਆਪਣੀ ਪਤਨੀ ਗਨੀਵ ਕੌਰ ਨੂੰ ਮਜੀਠਾ ਤੋਂ ਚੋਣ ਲੜਾਉਣ ਬਾਰੇ ਉਨ੍ਹਾਂ ਕਿਹਾ,‘‘ ਮੇਰੇ ਪਰਿਵਾਰ ਦੇ ਕਿਸੇ ਵੀ ਜੀਅ ਨੇ ਕਦੇ ਚੋਣ ਵਿੱਚ ਸ਼ਮੂਲੀਅਤ ਨਹੀਂ ਕੀਤੀ। ਇਹ ਫ਼ੈਸਲਾ ਉਸ ਵਾਸਤੇ ਵੀ ਅਚਨਚੇਤੀ ਲਿਆ ਇਕ ਵੱਡਾ ਫ਼ੈਸਲਾ ਹੈ।’’ ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ, ਜੋਧ ਸਿੰਘ ਸਮਰਾ ਤੇ ਹੋਰ ਹਾਜ਼ਰ ਸਨ।