ਦਲਬੀਰ ਸੱਖੋਵਾਲੀਆ
ਬਟਾਲਾ, 26 ਦਸੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਕਾਂਗਰਸ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੱਲੋਂ ਕਰਵਾਈ ਗਈ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਸ ਦਾ ਪੰਜਾਬ ਮਾਡਲ ਸ਼ਾਮਲ ਹੋਇਆ ਤਾਂ ਸੂਬੇ ਦਾ ਚੁਫੇਰਿਓਂ ਵਿਕਾਸ ਹੋਵੇਗਾ।
ਉਨ੍ਹਾਂ ਜਿੱਥੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਕਈ ਸੁਆਲ ਚੁੱਕੇ, ਉਥੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਿਆ ਕਿ ਹੁਣ ਪੁਲੀਸ ਤੋਂ ਡਰਦਾ ਉਹ ਭੱਜ ਕਿਉਂ ਰਿਹਾ ਹੈ?’ ਉਨ੍ਹਾਂ ਕਿਸਾਨਾਂ ਲਈ ਰੋਡ ਮੈਪ ਦੀ ਗੱਲ ਕਰਦਿਆਂ ਕਿਹਾ ਕਿ ਮੁੜ ਸਰਕਾਰ ਬਣਨ ’ਤੇ ਦਾਲਾਂ ਅਤੇ ਬੀਜਾਂ ’ਤੇ ਐੱਮਐੱਸਪੀ ਦਿੱਤੀ ਜਾਵੇਗੀ। ਸ੍ਰੀ ਸਿੱਧੂ ਦੇ ਸਵਾਗਤ ਲਈ ਜ਼ਿਲ੍ਹੇ ਤੋਂ ਕੋਈ ਵੀ ਕਾਂਗਰਸੀ ਵਿਧਾਇਕ ਜਾਂ ਮੰਤਰੀ ਨਹੀਂ ਆਇਆ। ਸ੍ਰੀ ਸਿੱਧੂ ਨੇ ਹਲਕਾ ਬਟਾਲਾ ਤੋਂ ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਨਾ ਦੇਣ ਦੀ ਵਕਾਲਤ ਕਰਦਿਆਂ ਦੱਸਿਆ ਕਿ ਇਸ ਹਲਕੇ ਤੋਂ ਅਸ਼ਵਨੀ ਸੇਖੜੀ ਹੀ ਚੋਣਾਵੀਂ ਮੈਦਾਨ ਵਿੱਚ ਹੋਣਗੇ। ਉਨ੍ਹਾਂ ਕਿਸੇ ਦਾ ਨਾਮ ਲਏ ਬਗ਼ੈਰ ਆਖਿਆ ਕਿ ਜੋ ਆਦਮੀ ਇੱਥੇ ਆ ਰਿਹਾ ਹੈ, ਉਹ ਆਪਣੇ ਹਲਕੇ ਦਾ ਵਿਕਾਸ ਕਿਉਂ ਨਹੀਂ ਕਰਵਾ ਸਕਦਾ?
ਉਨ੍ਹਾਂ ਆਪਣੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦਿਆਂ ਕਿਹਾ ਕਿ ਉਸ ਵਿੱਚ ਜ਼ੁਅੱਰਤ ਸੀ, ਜਿਸ ਨੇ ਸੂਬੇ ਦੇ ਡੀਜੀਪੀ, ਐਡਵੋਕੇਟ ਜਨਰਲ ਨੂੰ ਜਿੱਥੇ ਹਟਾਇਆ, ਉਥੇ ਮਜੀਠੀਆ ਵਰਗੇ ’ਤੇ ਮਾਮਲਾ ਦਰਜ ਵੀ ਕਰਵਾਇਆ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਇਸ ਵਾਰ ਪੰਜਾਬ ਸੰਭਾਲਣ ਲਈ ਇਮਾਨਦਾਰ ਮੁੱਖ ਮੰਤਰੀ ਨਾ ਬਣਾਇਆ ਗਿਆ ਤਾਂ ਸਰਕਾਰ ਦਾ ਪੈਸਾ ਨਿੱਜੀ ਜੇਬਾਂ ਵਿੱਚ ਜਾਣੋਂ ਨਹੀਂ ਹਟੇਗਾ। ਇਸ ਤੋਂ ਪਹਿਲਾ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਸੁਪਰੀਮੋ ਅਰਵਿੰਦਰ ਕੇਜਰੀਵਾਲ ’ਤੇ ਸ਼ਬਦੀ ਹਮਲੇ ਕੀਤੇ।
ਬਾਜਵਾ ਦੇ ਕਰੀਬੀ ਰੈਲੀ ਤੋਂ ਰਹੇ ਦੂਰ
ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਸੇਖੜੀ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਨਾਮ ਲਏ ਬਗ਼ੈਰ ਉਨ੍ਹਾਂ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਤਾਲਿਬਾਨੀ ਸੋਚ ਵਾਲੇ ਉਸ ਦੇ ਹਲਕੇ ਅੰਦਰ ਦਖ਼ਲਅੰਦਾਜ਼ੀ ਕਰ ਰਹੇ ਹਨ। ਦੱਸਣਯੋਗ ਹੈ ਕਿ ਸਿੱਧੂ ਦੇ ਭਾਸ਼ਣ ਦੌਰਾਨ ਦੋ ਵਾਰ ਜਿੱਥੇ ਬਿਜਲੀ ਬੰਦ ਹੋਣ ਨਾਲ ਜਿੱਥੇ ਸਪੀਕਰ ਨਹੀਂ ਚੱਲੇ, ਉਥੇ ਲੋਕ ਵੀ ਉੱਠ ਕੇ ਜਾਣ ਲੱਗ ਪਏ। ਉਂਝ ਵੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕਰੀਬੀ ਆਗੂਆਂ ਅਤੇ ਸਮਰਥਕਾਂ ਨੇ ਇਸ ਰੈਲੀ ਤੋਂ ਦੂਰੀ ਬਣਾਈ ਰੱਖੀ।