ਬੀ.ਐਸ.ਚਾਨਾ
ਸ੍ਰੀ ਆਨੰਦਪੁਰ ਸਾਹਿਬ, 8 ਦਸੰਬਰ
ਤੀਸਰੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਬੀਬੀ ਜਗੀਰ ਕੌਰ ਨੇ ਆਖਿਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਖ ‘ਚ ਸੁਧਾਰ ਲਿਆਉਣ ਦੇ ਇਰਾਦੇ ਨਾਲ ਢੁਕਵੇਂ ਤੇ ਸਖਤ ਫੈਸਲੇ ਲੈਣ ਦਾ ਮਨ ਬਣਾ ਲਿਆ ਹੈ। ਇਸੇ ਤਹਿਤ ਨੇੜ ਭਵਿੱਖ ‘ਚ ਵੱਖ-ਵੱਖ ਅਹੁਦਿਆਂ ‘ਤੇ ਤੈਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਬੀਤੇ ਸਾਲਾਂ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਸ਼੍ਰੋਮਣੀ ਕਮੇਟੀ ਅੰਦਰ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਵੀਰਵਾਰ ਨੂੰ ਗੁਰਦੁਆਰਿਆਂ ਦੇ ਮੈਨੇਜਰਾਂ ਦੀ ਬੈਠਕ ਸੱਦੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਵੱਖ-ਵੱਖ ਗੁਰਦੁਆਰਿਆਂ ਤੇ ਹੋਰ ਵਿੱਦਿਅਕ ਤੇ ਧਾਰਮਿਕ ਅਦਾਰਿਆਂ ‘ਚ ਤੈਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਬੀਤੇ ਸਾਲਾਂ ਦੀ ਕਾਰਗੁਜ਼ਾਰੀ ਨੂੰ ਡੂੰਘਾਈ ਨਾਲ ਘੋਖਿਆ ਜਾ ਰਿਹਾ ਹੈ ਤੇ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦੇ ਅਧਾਰ ਤੇ ਸਮੁੱਚੇ ਪ੍ਰਬੰਧ ਨੂੰ ਹੋਰ ਵੀ ਗਤੀਸ਼ੀਲ, ਉਸਾਰੂ ਤੇ ਸਾਰਥਕ ਢੰਗ ਨਾਲ ਸਮੇਂ ਦਾ ਹਾਣੀ ਬਨਾਉਣ ਲਈ ਤਬਦੀਲੀਆਂ ਤੇ ਤੈਨਾਤੀਆਂ ਬੁਹਤ ਜਲਦੀ ਹੀ ਕੀਤੀਆਂ ਜਾਣਗੀਆਂ।