ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਸਿੰਘ ਅਤੇ ਸ਼ਿਵਇੰਦਰ ਸਿੰਘ ਨੂੰ ਛੇ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਚੀਫ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਦੋਵਾਂ ਨੂੰ ਇਹ ਸਜ਼ਾ ਫੋਰਟਿਸ ਦੇ ਸ਼ੇਅਰ ਮਲੇਸ਼ੀਆ ਅਧਾਰਿਤ ਆਈਐੱਚਐੱਚ ਹੈਲਥਕੇਅਰ ਨੂੰ ਵੇਚਣ ਸਬੰਧੀ ਇੱਕ ਕੇਸ ਵਿੱਚ ਸੁਣਾਈ ਹੈ। ਇਸ ਤੋਂ ਪਹਿਲਾਂ ਦੋਵਾਂ ਨੂੰ ਅਦਾਲਤ ਦੀ ਤੌਹੀਨ ਦਾ ਦੋਸ਼ੀ ਵੀ ਠਹਿਰਾਇਆ ਗਿਆ ਸੀ। ਸੁਪਰੀਮ ਕੋਰਟ ਨੇ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸ਼ੇਅਰ ਵੇਚਣ ਦੀ ਫੋਰੈਂਸਿਕ ਜਾਂਚ ਦੇ ਹੁਕਮ ਵੀ ਦਿੱਤੇ ਹਨ। ਦੱਸਣਯੋਗ ਹੈ ਕਿ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸਾਬਕਾ ਪ੍ਰਮੋਟਰ ਜਾਪਾਨ ਦੀ ਕੰਪਨੀ ਡਾਇਚੀ ਸਾਂਕਯੋ ਨੇ ਫੋਰਟਿਸ-ਆਈਐੱਚਐੱਚ ਕਰਾਰ ਨੂੰ ਚੁਣੌਤੀ ਦਿੱਤੇ ਜਾਣ ਮਗਰੋਂ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਡਾਇਚੀ ਅਤੇ ਫੋਰਟਿਸ ਹੈਲਥਕੇਅਰ ਦੇ ਪ੍ਰਮੋਟਰਾਂ ਵਿਚਾਲੇ ਕਾਨੂੰਨੀ ਲੜਾਈ ਕਾਰਨ ਫੋਰਟਿਸ-ਆਈਐੱਚਐੱਚ ਸੌਦਾ ਰੁਕ ਗਿਆ ਸੀ। ਇਸੇ ਦੌਰਾਨ ਫੋਰਟਿਸ ਹੈਲਥਕੇਅਰ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਮਲੇਸ਼ੀਆ ਸ਼ੇਅਰ ਵੇਚਣ ਦੀ ਫੋਰੈਂਸਿਕ ਜਾਂਚ ਦੇ ਹੁਕਮਾਂ ਮਗਰੋਂ ਉਹ ਆਪਣਾ ਭਵਿੱਖ ਤੈਅ ਕਰਨ ਲਈ ਕਾਨੂੰਨੀ ਸਲਾਹ ਲੈ ਰਹੀ ਹੈ। -ਪੀਟੀਆਈ