ਕੇਪੀ ਸਿੰਘ
ਗੁਰਦਾਸਪੁਰ, 13 ਜੂਨ
ਕੁਵੈਤ ਵਿੱਚ ਰੋਜ਼ੀ-ਰੋਟੀ ਕਮਾਉਣ ਗਏ ਨੇੜੇ ਪਿੰਡ ਔਜਲਾ ਦੇ ਨਿਵਾਸੀ ਦੀ ਉੱਥੇ ਬਿਮਾਰੀ ਨਾਲ ਮੌਤ ਹੋ ਗਈ। ਪਿੰਡ ਵਾਸੀਆਂ ਅਨੁਸਾਰ ਰਿੰਪਲ ਮਸੀਹ ਪੁੱਤਰ ਸ਼ੀਦਾ ਮਸੀਹ ਨਾਮ ਦੇ ਇਸ ਵਿਅਕਤੀ ਨੇ ਸ਼ੁੱਕਰਵਾਰ ਨੂੰ ਆਪਣੇ ਪਿੰਡ ਆਉਣਾ ਸੀ ਪਰ ਬਾਅਦ ਦੁਪਹਿਰ ਉਸ ਦੀ ਕੰਪਨੀ ਤੋਂ ਫ਼ੋਨ ਆ ਗਿਆ ਕਿ ਉਸ ਦੀ ਮੌਤ ਹੋ ਗਈ ਹੈ। ਰਿੰਪਲ ਦੇ ਪਿਤਾ ਸ਼ੀਦਾ ਮਸੀਹ ਨੇ ਦੱਸਿਆ ਕਿ ਰਿੰਪਲ ਕੁਝ ਦਿਨ ਤੋਂ ਬਿਮਾਰ ਸੀ ਅਤੇ ਕੰਪਨੀ ਦੇ ਅਧਿਕਾਰੀਆਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਸੀ। ਕੁਝ ਦਿਨ ਪਹਿਲਾਂ ਕੰਪਨੀ ਤੋਂ ਫ਼ੋਨ ਆਇਆ ਕਿ ਰਿੰਪਲ ਠੀਕ ਨਹੀਂ ਹੋ ਰਿਹਾ ਅਤੇ ਉਸ ਦੀ ਵਾਪਸੀ ਦੀ ਟਿਕਟ ਕਰਵਾ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਉਹ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚ ਜਾਵੇਗਾ। ਉਨ੍ਹਾਂ ਦੱਸਿਆ ਕਿ ਫਲਾਈਟ ਦੇਰ ਰਾਤ ਦੀ ਹੋਣ ਕਾਰਨ ਉਹ ਵਾਪਸੀ ਦਾ ਇੰਤਜ਼ਾਰ ਕਰ ਰਹੇ ਸਨ ਕਿ ਬਾਅਦ ਦੁਪਹਿਰ ਕੰਪਨੀ ਤੋਂ ਫੋਨ ’ਤੇ ਉਸ ਦੀ ਮੌਤ ਬਾਰੇ ਖ਼ਬਰ ਮਿਲ ਗਈ।
ਰਿੰਪਲ ਦੀ ਵੱਡੀ ਲੜਕੀ ਮੁਸਕਾਨ ਨੇ ਦੱਸਿਆ ਕਿ ਪਰਿਵਾਰ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਦੇ ਪਿਤਾ ਤਿੰਨ ਸਾਲ ਪਹਿਲਾਂ ਕੁਵੈਤ ਵਿੱਚ ਕੰਮ ਕਰਨ ਗਏ ਸਨ। ਉਸ ਨੇ ਦੱਸਿਆ ਕਿ ਸਾਲ ਪਹਿਲਾਂ ਉਹ ਇੱਕ ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਕੁਵੈਤ ਗਏ ਸਟ ਅਤੇ ਮਹੀਨਾ ਪਹਿਲਾਂ ਉਨ੍ਹਾਂ ਦੀ ਬਿਮਾਰੀ ਬਾਰੇ ਪਤਾ ਲੱਗਿਆ ਸੀ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਮ੍ਰਿਤਕ ਦੀ ਲਾਸ਼ ਲਿਆਉਣ ਵਿੱਚ ਮਦਦ ਕੀਤੀ ਜਾਵੇ ਅਤੇ ਨਾਲ ਹੀ ਪਰਿਵਾਰ ਦੀ ਆਰਥਿਕ ਸਹਾਇਤਾ ਵੀ ਕੀਤੀ ਜਾਵੇ।