ਕੇ.ਪੀ. ਸਿੰਘ
ਗੁਰਦਾਸਪੁਰ, 23 ਜੁਲਾਈ
ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਇੱਕ ਪਿੰਡ ਵਿੱਚ ਇੱਕ 84 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜਨਾਹ ਕਰਨ ਮਗਰੋਂ ਉਸ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਰਮੇਸ਼ ਕੁਮਾਰੀ ਦੀ ਅਦਾਲਤ ਵੱਲੋਂ ਸਖ਼ਤ ਅਤੇ ਨਿਵੇਕਲੀ ਕਿਸਮ ਦੀ ਸਜ਼ਾ ਸੁਣਾਈ ਗਈ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਇਸ ਫ਼ੈਸਲੇ ਤਹਿਤ ਮੁਲਜ਼ਮ ਸਤਿੰਦਰ ਰਾਊਤ ਨਾਮ ਦੇ ਵਿਅਕਤੀ ਨੂੰ ਦੋਸ਼ੀ ਠਹਿਰਾਉਂਦਿਆਂ ਧਾਰਾ 450 ਤਹਿਤ ਪਹਿਲਾਂ 10 ਸਾਲ ਦੀ ਸਜ਼ਾ, ਫਿਰ 10 ਸਾਲ ਦੀ ਸਜ਼ਾ ਖ਼ਤਮ ਹੋਣ ਤੋਂ ਬਾਅਦ ਧਾਰਾ 376 ਤਹਿਤ 15 ਸਾਲ ਦੀ ਸਜ਼ਾ ਅਤੇ 15 ਸਾਲ ਦੀ ਸਜ਼ਾ ਖ਼ਤਮ ਹੋਣ ਉਪਰੰਤ ਦੋਸ਼ੀ ਨੂੰ ਆਈਪੀਸੀ ਦੀ ਧਾਰਾ 302 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਫ਼ੈਸਲੇ ਵਿੱਚ ਦੱਸਿਆ ਗਿਆ ਹੈ ਕਿ 19 ਮਾਰਚ 2019 ਦੀ ਰਾਤ ਨੂੰ ਸਤਿੰਦਰ ਰਾਊਤ ਜੋ ਕਿ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ, ਪਿੰਡ ਦੇ ਸਰਪੰਚ ਦੇ ਘਰ ਕੰਮ ਕਰਦਾ ਸੀ। ਉਸ ਨੇ ਅੱਧੀ ਰਾਤ ਨੂੰ 84 ਸਾਲ ਦੀ ਬਜ਼ੁਰਗ ਔਰਤ ਦੇ ਘਰ ਜਾ ਕੇ ਉਸ ਨਾਲ ਜਬਰ-ਜਨਾਹ ਕਰ ਕੇ ਉਸ ਦਾ ਕਤਲ ਕਰ ਦਿੱਤਾ ਸੀ।