ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਦਸੰਬਰ
ਆੜ੍ਹਤੀਆਂ ਖ਼ਿਲਾਫ਼ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਰਾਜਪੁਰਾ ਮੰਡੀ ਦੇ ਪ੍ਰਧਾਨ ਹਰਦੀਪ ਲਾਡਾ ਸਮੇਤ ਪੰਜਾਬ ਦੇ ਕੁਝ ਹੋਰ ਆੜ੍ਹਤੀਆਂ ਦੇ ਸ਼ੈੱਲਰਾਂ, ਦੁਕਾਨਾਂ ਅਤੇ ਘਰਾਂ ਆਦਿ ਥਾਵਾਂ ’ਤੇ ਅੱਜ ਵੀ ਛਾਪੇ ਮਾਰੇ ਗਏ, ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਆੜ੍ਹਤੀ ਐਸੋਸੀਏਸ਼ਨ ਪੰਜਾਬ ਨੇ ਸੋਮਵਾਰ ਤੋਂ ਪੰਜਾਬ ਭਰ ਦੀਆਂ ਮੰਡੀਆਂ ਅਣਮਿਥੇ ਸਮੇਂ ਲਈ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਹ ਐਲਾਨ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਐਸੋਸੀਏਸ਼ਨ ਦੀ ਸੂਬਾਈ ਮੀਟਿੰਗ ਮਗਰੋੋਂ ਕੀਤਾ।
ਕੇਂਦਰ ਸਰਕਾਰ ਵੱਲੋਂ ਆੜ੍ਹਤੀਆਂ ਖ਼ਿਲਾਫ਼ ਖੋਲ੍ਹੇ ਗਏ ‘ਮੋਰਚੇ’ ਵਿਰੁੱਧ ਪੰਜਾਬ ਦੇ ਸਮੁੱਚੇ ਆੜ੍ਹਤ ਆਪਣੇ ਮੱਤਭੇਦ ਭੁਲਾ ਕੇ ਇਕੱਠਿਆਂ ਲੜਾਈ ਲੜਨਗੇ। ਚੀਮਾ ਦੀ ਅਗਵਾਈ ਹੇਠਲੀ ਐਸੋਸੀਏਸ਼ਨ ਅਤੇ ਵਿਜੈ ਕਾਲੜਾ ਦੀ ਅਗਵਾਈ ਹੇਠਲੀ ‘ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ’ ਦੀ ਜਲਦੀ ਹੀ ਇਕ ਸਾਂਝੀ ਮੀਟਿੰਗ ਹੋਣ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਕੇਂਦਰ ਵੱਲੋਂ ਥੋਪੇ ਗਏ ਕਾਲੇ ਕਾਨੂੰਨ ਹੁਣ ਨਾ ਸਿਰਫ਼ ਇਕੱਲੇ ਕਿਸਾਨਾਂ, ਬਲਕਿ ਇਹ ਸਮੁੱਚੇ ਵਰਗਾਂ, ਇਥੋਂ ਤੱਕ ਕਿ ਪੰਜਾਬ ਦਾ ਮਸਲਾ ਬਣ ਗਿਆ ਹੈ, ਜਿਸ ਕਰਕੇ ਆੜ੍ਹਤੀ ਵਰਗ ਪੂਰੀ ਤਰ੍ਹਾਂ ਕਿਸਾਨਾਂ ਨਾਲ ਹੈ। ਚੀਮਾ ਨੇ ਐਲਾਨ ਕੀਤਾ ਕਿ ਆੜ੍ਹਤੀ ਕੇਂਦਰ ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਅੱਗੇ ਝੁਕਣਗੇ ਨਹੀਂ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਉਨ੍ਹਾਂ ਨੇ ਜਿਥੇ ਸਮੂਹ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਹੈ, ਉਥੇ ਹੀ ਸੁਪਰੀਮ ਕੋਰਟ ’ਚ ਵੀ ਕੇਂਦਰ ਖ਼ਿਲਾਫ਼ ਰਿੱੱਟ ਦਾਇਰ ਕੀਤੀ ਜਾਵੇਗੀ। ਉਨ੍ਹਾਂ ਨੇ ਆੜ੍ਹਤੀ ਐਸੋਸੀਏਸ਼ਨ ਅਤੇ ਫੈਡਰੇਸ਼ਨ ਵੱਲੋਂ ਕੇਂਦਰ ਦੀ ਇਸ ਗੈਰ ਜਮਹੂਰੀ ਕਾਰਵਾਈ ਖ਼ਿਲਾਫ਼ ਇਕੱਠਿਆਂ ਲੜਾਈ ਲੜਨ ਲਈ ਜਲਦੀ ਹੀ ਸਾਂਝੀ ਮੀਟਿੰਗ ਕਰਨ ਦੀ ਗੱਲ ਵੀ ਆਖੀ।
ਸਿਆਸੀ ਆਗੂਆਂ ਵੱਲੋਂ ਨਿਖੇਧੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਵਿਧਾਇਕ ਮਦਨ ਲਾਲ ਜਲਾਲਪੁਰ, ਗੁਰਬਚਨ ਸਿੰਘ ਬਚੀ, ਆਪ ਆਗੂ ਹਰਪਾਲ ਚੀਮਾ ਸਮੇਤ ਕਈ ਹੋਰ ਆਗੂਆਂ ਨੇ ਇਨਕਮ ਟੈਕਸ ਵੱਲੋਂ ਆੜ੍ਹਤੀਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਇਸ ਨੂੰ ਰਾਜਸੀ ਹਿਤਾਂ ਤੋਂ ਪ੍ਰੇਰਿਤ ਦੱਸਦਿਆਂ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਦਿਨ ਪ੍ਰਤੀ ਦਿਨ ਵਿਸ਼ਾਲ ਹੁੰਦੇ ਜਾ ਰਹੇ ਕਿਸਾਨ ਅੰਦੋਲਨ ਤੋਂ ਬੁਖਲਾਹਟ ’ਚ ਆ ਕੇ ਹੀ ਕੇਂਦਰ ਸਰਕਾਰ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ।