ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਦੀ 29 ਨਵੰਬਰ ਨੂੰ ਹੋਣ ਵਾਲ਼ੀ ਸਾਲਾਨਾ ਚੋਣ ਲਈ ਜੋੜ-ਤੋੜ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਚੋਣ ਲਈ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਮੁੜ ਪ੍ਰ੍ਧਾਨ ਬਣਨ ਦੀ ਚਰਚਾ ਹੈ ਪਰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਆਨਰੇਰੀ ਚੀਫ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਰਨਾਲ਼ਾ ਜ਼ਿਲ੍ਹੇ ਦੇ ਦਲਿਤ ਮੈਂਬਰ ਬਲਬੀਰ ਸਿੰਘ ਘੁੰਨਸ ਦੇ ਨਾਵਾਂ ਦੀ ਚਰਚਾ ਵੀ ਸ਼ਿਖਰਾਂ ’ਤੇ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਿਛਲੀ ਵਾਰ ਪ੍ਰਧਾਨਗੀ ਦੇ ਮਜ਼ਬੂਤ ਦਾਅਵੇਦਾਰ ਸਨ ਪਰ ਪ੍ਰਧਾਨਗੀ ਨਾ ਮਿਲਣ ਕਰਕੇ ਹੀ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਆਨਰੇਰੀ ਚੀਫ ਸਕੱਤਰ ਲਾਇਆ ਗਿਆ ਸੀ। ਸ੍ਰੀ ਘੁੰਨਸ ਹੁਣ ਹਲਕਾ ਮਹਿਲ ਕਲਾਂ ਦੇ ਇੰਚਾਰਜ ਹਨ, ਜੋ ਸਮਝੌਤੇ ਤਹਿਤ ਬਸਪਾ ਦੇ ਹਿੱਸੇ ਆ ਗਿਆ। ਉਨ੍ਹਾਂ ਨੂੰ ਟਿਕਟ ਤੋਂ ਵਾਂਝਾ ਰੱਖੇ ਜਾਣ ਦੀ ਕਾਰਵਾਈ ਨੂੰ ਵੀ ਪ੍ਰਧਾਨਗੀ ਅਹੁਦੇ ਨਾਲ਼ ਜੋੜ ਕੇ ਵੇਖਿਆ ਜਾ ਰਿਹਾ ਹੈ। ਢੀਡਸਿਆਂ ਦੇ ਆਧਾਰ ਵਾਲ਼ੇ ਖੇਤਰ ਸੰਗਰੂਰ-ਬਰਨਾਲ਼ਾ ਨਾਲ਼ ਸਬੰਧਤ ਹੋਣ ਕਰਕੇ ਵੀ ਉਨ੍ਹਾਂ ਦਾ ਨਾਮ ਵਿਚਾਰੇ ਜਾਣ ਦੀਆਂ ਕਿਆਸ ਅਰਾਈਆਂ ਹਨ।
ਸੁਰਜੀਤ ਗੜ੍ਹੀ ਨੂੰ ਅਹਿਮ ਅਹੁਦਾ ਮਿਲਣ ਦੇ ਕਿਆਸ
ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਸਮੇਤ 11 ਐਗਜ਼ੈਕਟਿਵ ਮੈਂਬਰਾਂ ਦੀ ਚੋਣ ਦੀ ਕੀਤੀ ਜਾਣੀ ਹੈ। ਪ੍ਰਧਾਨਗੀ ਤੋਂ ਇਲਾਵਾ ਬਾਕੀ ਤਿੰਨ ਪ੍ਰਮੁੱਖ ਅਹੁਦਿਆਂ ਵਿਚੋਂ ਇੱਕ ਅਹੁਦਾ ਰਾਜਪੁਰਾ ਤੋਂ ਅਕਾਲੀ ਦਲ ਦੀ ਟਿਕਟ ਤੋਂ ਵਾਂਝੇ ਰਹੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੂੰ ਦਿੱਤਾ ਜਾ ਸਕਦਾ ਹੈ। ਭਾਜਪਾ ਨਾਲ ਸਾਂਝ ਟੁੱਟਣ ਮਗਰੋਂ ਕਈ ਸਾਲਾਂ ਬਾਅਦ ਰਾਜਪੁਰਾ ਸੀਟ ਅਕਾਲੀ ਦਲ ਦੇ ਹਿੱਸੇ ਆਉਣ ’ਤੇ ਪਾਰਟੀ ਨੇ ਇਥੋਂ ਸੁਖਬੀਰ ਬਾਦਲ ਦੇ ਓਐੱਸਡੀ ਚਰਨਜੀਤ ਬਰਾੜ ਨੂੰ ਟਿਕਟ ਦਿੱਤੀ ਹੈ, ਜਿਸ ਕਾਰਨ ਸ੍ਰੀ ਗੜ੍ਹੀ ਨਾਰਾਜ਼ ਚੱਲੇ ਆ ਰਹੇ ਸਨ। ਬੀਤੇ ਦਿਨੀਂ ਸ੍ਰੀ ਬਾਦਲ ਗੜ੍ਹੀ ਨੂੰ ਨਾਲ ਤੋਰਨ ਲਈ ਉਨ੍ਹਾਂ ਦੇ ਘਰ ਆਏ ਸਨ। ਸੂਤਰਾਂ ਮੁਤਾਬਕ ਸੁਰਜੀਤ ਗੜ੍ਹੀ ਨੂੰ 29 ਨਵੰਬਰ ਨੂੰ ਉਕਤ ਤਿੰਨ ਵਿਚੋਂ ਇੱਕ ਅਹੁਦਾ ਦੇਣ ਦਾ ਫੈਸਲਾ ਹੋ ਚੁੱਕਾ ਹੈ।