ਪੱਤਰ ਪ੍ਰੇਰਕ
ਧਨੌਲਾ 13 ਜੁਲਾਈ
ਪਤਨੀ ਵੱਲੋਂ ਕੈਨੇਡਾ ਨਾ ਬੁਲਾਏ ਜਾਣ ’ਤੇ ਧਨੌਲਾ ਦੇ ਪਿੰਡ ਕੋਠੇ ਗੋਬਿੰਦਪੁਰਾ ਵਾਸੀ ਲਵਪ੍ਰੀਤ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਇੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਸ੍ਰੀਮਤੀ ਗੁਲਾਟੀ ਵੱਲੋਂ ਇਹ ਦੌਰਾ 12 ਜੁਲਾਈ ਨੂੰ ਮਿਥਿਆ ਗਿਆ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਇੱਕ ਦਿਨ ਅੱਗੇ ਪਾ ਦਿੱਤਾ ਗਿਆ। ਲਵਪ੍ਰੀਤ ਦੀ ਮਾਂ ਰੁਪਿੰਦਰ ਕੌਰ ਅਤੇ ਪਿਤਾ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਚੇਅਰਪਰਸਨ ਨੇ ਰਾਜ ਅਤੇ ਕੇਂਦਰੀ ਪੱਧਰ ’ਤੇ ਅਜਿਹੇ ਮਾਮਲਿਆਂ ਲਈ ਨੀਤੀ ਬਣਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਪੱਧਰ ’ਤੇ ਲੈ ਕੇ ਜਾਣਗੇ ਤਾਂ ਜੋ ਲਵਪ੍ਰੀਤ ਵਰਗੇ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਨਾ ਗੁਆਉਣ। ਚੇਅਰਪਰਸਨ ਨੇ ਦੱਸਿਆ ਕਿ ਉੱਚ ਦਰਜੇ ਦੇ ਪੁਲੀਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਇਸ ਕੇਸ ਵਿੱਚ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਲਵਪ੍ਰੀਤ ਦੇ ਕੇਸ ਬਾਰੇ ਕੈਨੇਡੀਅਨ ਪੁਲੀਸ ਨਾਲ ਵੀ ਸੰਪਰਕ ਵਿੱਚ ਹਨ ਅਤੇ ਕੇਸ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖੁਦ ਵੀ ਵੀਡੀਓ ਕਾਲ ਰਾਹੀਂ ਗੱਲ ਕੀਤੀ ਹੈ ਜਿਸ ਨੂੰ ਕੇਸ ਦੀ ਪੜਤਾਲ ਵਿੱਚ ਸ਼ਾਮਲ ਕੀਤਾ ਜਾਵੇਗਾ।
ਵਿਦੇਸ਼ੀ ਲਾੜੀਆਂ ਦੇ ਸਤਾਏ ਪਰਿਵਾਰਾਂ ਨੇ ਸੁਣਾਏ ਦੁੱਖੜੇ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਕੋਠੇ ਗੋਬਿੰਦਪੁਰਾ ਪਹੁੰਚਣ ਤੋਂ ਪਹਿਲਾਂ ਹੀ ਦਰਜਨਾਂ ਦੀ ਗਿਣਤੀ ਵਿੱਚ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਉੱਥੇ ਪਹੁੰਚ ਚੁੱਕੇ ਸਨ। ਇਸ ਮੌਕੇ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਵਿਦੇਸ਼ੀ ਲਾੜੀਆਂ ਤੋਂ ਧੋਖਾ ਖਾਧੇ ਲਾੜਿਆਂ ਦਾ ਵੱਡਾ ਇਕੱਠ ਸੀ ਜੋ ਕਿ ਆਪਣੇ ਵੱਲੋਂ ਕੀਤੇ ਖਰਚ ਦਾ ਪੂਰਾ ਵੇਰਵਾ ਇੱਕ ਦੂਜੇ ਨੂੰ ਸੁਣਾ ਰਹੇ ਸਨ।