ਪੱਤਰ ਪ੍ਰੇਰਕ/ਏਜੰਸੀ
ਨਵੀਂ ਦਿੱਲੀ, 18 ਜੁਲਾਈ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਲਈ ਚੁਣੇ ਗਏ ਸਿਮਰਨਜੀਤ ਸਿੰਘ ਮਾਨ ਨੇ ਅੱਜ ਸਪੀਕਰ ਓਮ ਬਿਰਲਾ ਦੇ ਚੈਂਬਰ ਵਿਚ ਸੰਸਦ ਮੈਂਬਰ ਵਜੋਂ ਹਲਫ਼ ਲਿਆ। ਉਨ੍ਹਾਂ ਸੰਵਿਧਾਨ ਦੇ ਨਾਂ ਉਤੇ ਸਹੁੰ ਚੁੱਕਦਿਆਂ ਦੇਸ਼ ਦੀ ਅਖੰਡਤਾ ਪ੍ਰਤੀ ਵੀ ਵਚਨਬੱਧਤਾ ਪ੍ਰਗਟ ਕੀਤੀ। ਪੰਜਾਬ ਤੋਂ ਕਾਂਗਰਸ ਦੇ ਕਈ ਮੈਂਬਰਾਂ ਨੇ ਅੱਜ ਮਾਨ ਵੱਲੋਂ ਸਹੁੰ ਚੁੱਕੇ ਜਾਣ ਦਾ ਵਿਰੋਧ ਕੀਤਾ। ਸਹੁੰ ਚੁੱਕਣ ਮਗਰੋਂ ਸੰਸਦ ਤੋਂ ਬਾਹਰ ਆਉਂਦਿਆਂ ਸਿਮਰਨਜੀਤ ਮਾਨ ਨੇ ਭਗਤ ਸਿੰਘ ਬਾਰੇ ਦਿੱਤੇ ਆਪਣੇ ਵਿਵਾਦਤ ਬਿਆਨ ਦਾ ਬਚਾਅ ਕੀਤਾ। ਜ਼ਿਕਰਯੋਗ ਹੈ ਕਿ ਮਾਨ ਨੇ ਆਜ਼ਾਦੀ ਸੰਘਰਸ਼ ਦੇ ਯੋਧੇ ਭਗਤ ਸਿੰਘ ਨੂੰ ‘ਅਤਿਵਾਦੀ’ ਕਰਾਰ ਦਿੱਤਾ ਸੀ। ਮਾਨ ਨੇ ਅੱਜ ਨਾਲ ਹੀ ਇਹ ਵੀ ਕਿਹਾ ਕਿ, ‘ਸਿੱਖਾਂ ਲਈ ਵੱਖਰਾ ਮੁਲਕ ਹੋਣਾ ਚਾਹੀਦਾ ਹੈ।’ ਪੰਜਾਬ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਸਪੀਕਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਵਿਦੇਸ਼ ਮਾਮਲਿਆਂ ਤੇ ਰੱਖਿਆ ਬਾਰੇ ਸੰਸਦੀ ਕਮੇਟੀ ਦਾ ਮੈਂਬਰ ਬਣਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ, ‘ਭਗਤ ਸਿੰਘ ਨੇ ਇਕ ਨੌਜਵਾਨ, ਅੰਗਰੇਜ਼ ਅਧਿਕਾਰੀ ਦੀ ਹੱਤਿਆ ਕਰ ਦਿੱਤੀ ਸੀ। ਉਸ ਨੇ ਇਕ ਅੰਮ੍ਰਿਤਧਾਰੀ ਸਿੱਖ ਕਾਂਸਟੇਬਲ ਨੂੰ ਵੀ ਮਾਰ ਦਿੱਤਾ। ਅਸੈਂਬਲੀ ਵਿਚ ਬੰਬ ਸੁੱਟਣ ਵਾਲੇ ਨੂੰ ਤੁਸੀਂ ਕੀ ਕਹੋਗੇ?’ ਉਨ੍ਹਾਂ ਨਾਲ ਹੀ ਕਿਹਾ ਕਿ ਉਹ ‘ਖਾਲਿਸਤਾਨ ਦੇ ਮੁੱਦੇ ਦਾ ਸਮਰਥਨ ਜਾਰੀ ਰੱਖਣਗੇ, ਸਿੱਖਾਂ ਲਈ ਵੱਖਰਾ ਮੁਲਕ ਹੋਣਾ ਚਾਹੀਦਾ ਹੈ। ਤੇ ਖਾਲਿਸਤਾਨ ਭਾਰਤ ਅਤੇ ਪਾਕਿਸਤਾਨ ਜਿਹੇ ਦੋ ਪਰਮਾਣੂ ਤਾਕਤ ਨਾਲ ਲੈਸ ਮੁਲਕਾਂ ਦਰਮਿਆਨ ‘ਬਫ਼ਰ ਸਟੇਟ’ ਦਾ ਕੰਮ ਕਰੇਗਾ ਜੋ ਕਿ ਖੇਤਰੀ ਟਕਰਾਅ ਨੂੰ ਰੋਕਣ ਵਿਚ ਸਹਾਈ ਹੋਵੇਗਾ।’