ਜਸਵੰਤ ਜੱਸ
ਫ਼ਰੀਦਕੋਟ, 15 ਮਾਰਚ
ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਕਾਮੇਡੀਅਨ ਭਗਵੰਤ ਮਾਨ ਦਾ ਝੰਡੇ ਅਮਲੀ ਵਾਲਾ ਕਿਰਦਾਰ ਦਰਸ਼ਕਾਂ ਨੂੰ ਹਮੇਸ਼ਾਂ ਯਾਦ ਰਹੇਗਾ। ਦੋ ਦਹਾਕੇ ਤੱਕ ਕਾਮੇਡੀ ਅਤੇ ਸੰਗੀਤ ਦੀ ਦੁਨੀਆ ’ਚ ਛਾਏ ਰਹਿਣ ਵਾਲੇ ਭਗਵੰਤ ਮਾਨ ਦੀ ਕਾਮੇਡੀ ਸਰਕਾਰੀ ਪ੍ਰਬੰਧਾਂ ਅਤੇ ਸਿਆਸਤਦਾਨਾਂ ਦੇ ਕਿਰਦਾਰਾਂ ਅਤੇ ਸਮਾਜਿਕ ਤਾਣੇ-ਬਾਣੇ ’ਤੇ ਕੇਂਦਰਿਤ ਰਹੀ ਹੈ। ਇਸ ਲਈ ਉਨ੍ਹਾਂ ਦੀ ਕਾਮੇਡੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਵਾਲੇ ਭਗਵੰਤ ਮਾਨ ਨੇ ਸਿਆਸਤ ਦੇ ਮਾੜੇ ਪੱਖ ਨੂੰ ਪਰਦੇ ’ਤੇ ਲਿਆ ਕੇ ਲੋਕਾਈ ਨੂੰ ਜਾਗਰੂਕ ਕੀਤਾ। ਭਗਵੰਤ ਮਾਨ ਦੀ ਦੋ ਦਹਾਕੇ ਪਹਿਲਾਂ ਰਿਕਾਰਡ ਕੀਤੀਆਂ ਕਾਮੇਡੀ ਕੈਸੇਟਾਂ ਤੇ ਵੀਡੀਓਜ਼ ਸੋਸ਼ਲ ਮੀਡੀਆਂ ਉੱਪਰ ਪੂਰੀ ਤਰ੍ਹਾਂ ਛਾਈਆਂ ਹੋਈਆਂ ਹਨ। ਉਸ ਦੀ ਦੋ ਦਹਾਕੇ ਪਹਿਲਾਂ ਕਾਮੇਡੀਅਨ ਅੰਦਾਜ਼ ਵਿੱਚ ਕਹੀ ਗੱਲ ਮੌਜੂਦਾ ਸਮੇਂ ਦੀ ਹਕੀਕਤ ਵਾਂਗ ਜਾਪ ਰਹੀ ਹੈ ਅਤੇ ਦਰਸ਼ਕ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਰਹੇ ਹਨ। ਭਗਵੰਤ ਮਾਨ ਹੁਣ ਭਾਵੇਂ ਕਾਮੇਡੀ ਦੇ ਸਰਗਰਮ ਖੇਤਰ ਵਿੱਚੋਂ ਬਾਹਰ ਹੋ ਗਿਆ ਹੈ ਪਰ ਉਸ ਦੇ ਸਟੇਜਾਂ ਉੱਪਰ ਦਿੱਤੇ ਜਾਣ ਵਾਲੇ ਭਾਸ਼ਨ ਵੀ ਕਾਮੇਡੀ ਅਤੇ ਰਸ ਭਰੇ ਹੋਣ ਕਰਕੇ ਵੋਟਰਾਂ ਨੇ ਉਨ੍ਹਾਂ ਦੇ ਭਾਸ਼ਨਾਂ ਨੂੰ ਨੇੜਿਓਂ ਸੁਣਿਆ ਹੈ। ਸਾਹਿਤ ਅਤੇ ਰੰਗਮੰਚ ਨਾਲ ਜੁੜੇ ਫ਼ਰੀਦਕੋਟ ਦੇ ਵਸਨੀਕ ਰਵਿੰਦਰ ਬੁਗਰਾ, ਲਖਵਿੰਦਰ ਹਾਲੀ ਅਤੇ ਪ੍ਰੋ. ਪਾਲ ਸਿੰਘ ਪਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਸਾਦੀ ਕਾਮੇਡੀ ਦਰਸ਼ਕਾਂ ਦੇ ਦਿਲੋਂ ਦਿਮਾਗ ਵਿੱਚ ਹਮੇਸ਼ਾ ਤਾਜ਼ਾ ਰਹੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਝੰਡੇ ਅਮਲੀ ਵਾਲਾ ਤੇ ਸਕੂਲ ਦੇ ਵਿਦਿਆਰਥੀ ਵਾਲਾ ਕਿਰਦਾਰ ਹਮੇਸ਼ਾ ਲੋਕਾਂ ਨੂੰ ਹਮੇਸ਼ਾਂ ਹਸਾਉਂਦਾ ਰਹੇਗਾ। ਪਿਛਲੇ ਸੱਤ ਸਾਲ ਤੋਂ ਭਗਵੰਤ ਮਾਨ ਨਾਲ ਸਿਆਸੀ ਖੇਤਰ ਵਿੱਚ ਵਿਚਰ ਰਹੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਭਗਵੰਤ ਮਾਨ ਦੇ ਕਲਾਕਾਰੀ ਅੰਦਾਜ਼ ਕਰਕੇ ਪੰਜਾਬ ਦੇ ਮੁੱਦੇ ਸੰਸਦ ਵਿੱਚ ਉੱਠੇ ਅਤੇ ਪੂਰੇ ਦੇਸ਼ ਨੇ ਇਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ। ਸ਼ਾਇਰ ਸੁਨੀਲ ਚੰਦਿਆਣਵੀਂ ਨੇ ਕਿਹਾ ਕਿ ਭਗਵੰਤ ਮਾਨ ਦੇ ਟੀਵੀ ਉੱਪਰ ਚੱਲੇ ਸ਼ੋਅ ‘ਗੁਸਤਾਖੀ ਮਆਫ਼’, ‘ਜੁਗਨੂੰ ਹਾਜ਼ਰ ਹੈ’, ‘ਜੁਗਨੂੰ ਕਹਿੰਦਾ ਹੈ’ ਵਿੱਚ ਭਗਵੰਤ ਮਾਨ ਨੇ ਜੋ ਕਾਮੇਡੀ ਕੀਤੀ, ਉਹ ਪੂਰੀ ਤਰ੍ਹਾਂ ਪੰਜਾਬੀ ਜੀਵਨ ਅਤੇ ਇੱਥੋਂ ਦੇ ਰਾਜ ਪ੍ਰਬੰਧ ਦੁਆਲੇ ਘੁੰਮਦੀ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਹਮੇਸ਼ਾਂ ਆਪਣੀ ਕਮੇਟੀ ਅਤੇ ਗਾਇਕੀ ਵਿੱਚ ਲੋਕ ਮੁੱਦੇ ਉਠਾਏ ਅਤੇ ਆਪਣੇ ਅੱਜ ਤੱਕ ਦੇ ਜੀਵਨ ਵਿੱਚ ਕਦੇ ਵੀ ਕੋਈ ਗ਼ੈਰ ਲੋਕ ਪੱਖੀ ਗੱਲ ਨਹੀਂ ਕੀਤੀ।