ਨਵੀਂ ਦਿੱਲੀ, 25 ਮਈ
ਮਾਲ ਤੇ ਸੇਵਾ ਟੈਕਸ (ਜੀਐੱਸਟੀ) ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਲਿਖੇ ਪੱਤਰ ਕਈ ਚਿੰਤਾਵਾਂ ਜ਼ਾਹਿਰ ਕੀਤੀਆਂ ਅਤੇ ਕਿਹਾ ਕਿ ਜੀਐੱਸਟੀ ਦੇ ਮਾਮਲੇ ’ਚ ਸਮਾਂਬੱਧ ਤੇ ਮੁਕੰਮਲ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਕੇਂਦਰੀ ਵਿੱਤ ਮੰਤਰੀ ਨੂੰ ਲਿਖੇ ਪੰਜ ਸਫ਼ਿਆਂ ਦੇ ਪੱਤਰ ’ਚ ਮਨਪ੍ਰੀਤ ਬਾਦਲ ਨੇ ਇਹ ਵੀ ਕਿਹਾ ਕਿ ਜੀਐੱਸਟੀ ਦੀ ਮੀਟਿੰਗ ਬੇਸ਼ੱਕ ਅੱਠ ਮਹੀਨੇ ਮਗਰੋਂ ਹੋ ਰਹੀ ਹੈ ਪਰ ਇਸ ਦਾ ਤੈਅ ਏਜੰਡਾ ਸਾਧਾਰਨ ਹੈ ਅਤੇ ਇਸ ਨਾਲ ਉਨ੍ਹਾਂ ਮਸਲਿਆਂ ਦਾ ਹੱਲ ਨਹੀਂ ਹੋਵੇਗਾ ਜੋ ਅਤੀਤ ’ਚ ਚੁੱਕੇ ਗਏ ਸਨ। ਜੀਐੱਸਟੀ ਕੌਂਸਲ ਦੀ ਮੀਟਿੰਗ 28 ਨੂੰ ਹੋਣੀ ਹੈ। ਸ੍ਰੀ ਬਾਦਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨੌਕਰਸ਼ਾਹੀ ਦੇ ਪੱਧਰ ’ਤੇ ਹੋਣ ਵਾਲੇ ਫ਼ੈਸਲੇ ਖਤਰਨਾਕ ਪਿਰਤ ਪਾ ਰਹੇ ਹਨ ਅਤੇ ਜੀਐੱਸਟੀ ਨਾਲ ਜੁੜੇ ਅਹਿਮ ਫ਼ੈਸਲਿਆਂ ’ਚ ਕੇਂਦਰ ਦੇ ਨਾਲ ਨਾਲ ਰਾਜਾਂ ਦੀ ਵੀ ਭੂਮਿਕਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਦੇਸ਼ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਾਨੂੰ ਮਹਾਮਾਰੀ ਦੇ ਮੋਰਚੇ ’ਤੇ ਤੁਰੰਤ ਕੁਝ ਕਦਮ ਚੁੱਕਣ ਦੀ ਲੋੜ ਹੈ। ਇਸ ਮੁਸ਼ਕਿਲ ਸਮੇਂ ’ਚ ਵੀ ਜ਼ਰੂਰੀ ਵਸਤਾਂ ’ਤੇ ਵੱਧ ਟੈਕਸ ਲੱਗਾ ਹੋਇਆ ਹੈ।’ ਪੰਜਾਬ ਦੇ ਵਿੱਤ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜੀਵਨ ਰੱਖਿਅਕ ਵਸਤਾਂ ’ਤੇ ਦਰਾਮਦ ਟੈਕਸ 20 ਫੀਸਦ ਅਤੇ ਜੀਐੱਸਟੀ 18 ਫੀਸਦ ਤੱਕ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਨੂੰ ਲੈ ਕੇ ਸਮਾਂਬੱਧ ਤੇ ਮੁਕੰਮਲ ਕਦਮ ਚੁੱਕੇ ਜਾਣ ਦੀ ਲੋੜ ਹੈ। -ਪੀਟੀਆਈ