ਜੋਗਿੰਦਰ ਸਿੰਘ ਮਾਨ
ਮਾਨਸਾ 14 ਦਸੰਬਰ
ਪੰਜਾਬ ਪੁਲੀਸ ਵੱਲੋ ਲਾਈਆਂ ਗਈਆਂ ਸਾਰੀਆਂ ਰੋਕਾਂ ਤੋੜ ਕੇ ਧਰਨਾਕਾਰੀ ਕਿਸਾਨ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਗਰਜਣ ਵਿੱਚ ਕਾਮਯਾਬ ਹੋ ਗਏ । ਕਿਸਾਨਾਂ ਦੇ ਇਕੱਠ ਮੁੂਹਰੇ ਪੁਲੀਸ ਥਾਣੇਦਾਰਾਂ ਦੀ ਇੱਕ ਨਹੀਂ ਚੱਲੀ। ਉਹ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵੱਲ ਵੜਨ ਤੋਂ ਰੋਕ ਰਹੇ ਸਨ ਅਤੇ ਕਿਸਾਨ ਅੱਗੇ ਜਾਕੇ ਧਰਨਾ ਦੇਣਾ ਚਾਹੁੰਦੇ ਸਨ। ਬੇਸ਼ੱਕ ਪੁਲੀਸ ਨੇ ਗੇਟ ਬੰਦ ਕਰ ਲਿਆ, ਪਰ ਧਰਨਾਕਾਰੀਆਂ ਨੇ ਗੇਟ ਉੱਤੇ ਦੀ ਟੱਪ ਕੇ ਪੁਲੀਸ ਦੇ ਨਾਕੇ ਤੋੜ ਸੁੱਟੇ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਨਾਅਰੇਬਾਜ਼ੀ ਕੀਤੀ ਧਰਨਾ ਦਿੱਤਾ। ਇਸ ਦੌਰਾਨ ਕਿਸਾਨਾਂ ਦੀ ਪੁਲੀਸ ਨਾਲ ਧੱਕਾ-ਮੁੱਕੀ ਵੀ ਹੋਈ। ਪ੍ਰਬੰਧਕੀ ਕੰਪਲੈਕਸ ਵਿੱਚ ਧਰਨਾ ਦੇਣ ਬਾਅਦ ਕਿਸਾਨ ਸਰਕਾਰ ਵਿਰੋਧੀ ਨਾਅਰੇ ਲਾਉਂਦੇ ਹੋਏ ਘਰਾਂ ਨੂੰ ਚਲੇ ਗਏ। ਕਾਬਿਲੇਗੌਰ ਹੈ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਇਹ ਧਰਨਾ ਦਿੱਤਾ ਗਿਆ ਸੀ।