ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਪੁਲੀਸ ਨੇ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ। ਮਾਨਸਾ ਪੁਲੀਸ ਨੇ ਤਿੰਨ ਦਿਨ ਪਹਿਲਾਂ ਵੀ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਕੋਲ ਟੀਨੂ ਦੇ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਸੀ। ਅੱਜ ਦਿੱਲੀ ਪੁਲੀਸ ਦਾ ਰਿਮਾਂਡ ਖਤਮ ਹੋਣ ’ਤੇ ਮਾਨਸਾ ਪੁਲੀਸ ਮੁੜ ਦਿੱਲੀ ਗਈ ਸੀ ਅਤੇ ਬਾਅਦ ਦੁਪਹਿਰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਟੀਨੂ ਦਾ ਟਰਾਂਜ਼ਿਟ ਰਿਮਾਂਡ ਮਾਨਸਾ ਪੁਲੀਸ ਨੂੰ ਦਿੱਤਾ ਗਿਆ। ਮਾਨਸਾ ਜ਼ਿਲ੍ਹੇ ਦੇ ਡੀਐੱਸਪੀ ਗੋਬਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਨੂ ਨੂੰ ਲੈ ਕੇ ਦਿੱਲੀ ਤੋਂ ਲਿਆ ਰਹੀ ਹੈ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਟੀਨੂ ਦੇ ਇੱਥੇ ਪਹੁੰਚਣ ’ਤੇ ਉਸ ਦਾ ਮੈਡੀਕਲ ਕਰਾਉਣ ਤੋਂ ਬਾਅਦ ਇੱਥੋਂ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਦੀਪਕ ਟੀਨੂ ਤੋਂ ਹੁਣ ਉਸ ਦੇ ਭੱਜਣ ਸਬੰਧੀ ਮਾਨਸਾ ਦੇ ਸੀਆਈਏ ਪੁਲੀਸ ਸਟੇਸ਼ਨ ’ਚ ਹੀ ਪੁੱਛ-ਪੜਤਾਲ ਕੀਤੀ ਜਾਵੇਗੀ ਤੇ ਇਸ ਦੌਰਾਨ ਏਜੀਟੀਐੱਫ ਦੇ ਅਧਿਕਾਰੀ ਵੀ ਮੌਜੂਦ ਹੋਣਗੇ। ਮਾਨਸਾ ਦੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਉਸ ਤੋਂ ਇਹ ਪਤਾ ਕਰਨ ਦੀ ਕੋਸ਼ਿਸ਼ ’ਚ ਹੋਵੇਗੀ ਕਿ ਉਸ ਦੇ ਭੱਜਣ ’ਚ ਕਿਸ-ਕਿਸ ਨੇ ਮਦਦ ਕੀਤੀ। ਟੀਨੂ ਦੇ ਭੱਜਣ ਨਾਲ ਸਬੰਧਤ ਕੇਸ ਦੀ ਜਾਂਚ ਲਈ ਚਾਰ ਮੈਂਬਰ ਸਿਟ ਕਾਇਮ ਕੀਤੀ ਹੋਈ ਹੈ, ਜਿਸ ਦੇ ਮੁਖੀ ਏਆਈਜੀ ਪਟਿਆਲਾ ਮੁਖਵਿੰਦਰ ਸਿੰਘ ਛੀਨਾ ਹਨ ਅਤੇ ਏਜੀਟੀਐੱਫ ਦੇ ਏਆਈਜੀ ਓਪਿੰਦਰਜੀਤ ਸਿੰਘ ਘੁੰਮਣ ਸਮੇਤ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਮੈਂਬਰ ਹਨ। ਜ਼ਿਕਰਯੋਗ ਹੈ ਕਿ ਜੂਨ 2017 ਵਿੱਚ ਵੀ ਪੰਚਕੂਲਾ ਦੇ ਸਿਵਲ ਹਸਪਤਾਲ ’ਚੋਂ ਗੈਂਗਸਟਰ ਸੰਪਤ ਨਹਿਰਾ (ਹੁਣ ਤਿਹਾੜ ਜੇਲ੍ਹ ਵਿੱਚ) ਤੇ ਉਸ ਦੇ ਸਾਥੀ ਪੁਲੀਸ ਅਧਿਕਾਰੀ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਟੀਨੂ ਨੂੰ ਭਜਾ ਕੇ ਲੈ ਗਏ ਸਨ।