ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਜੁਲਾਈ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਿਥੇ ਅੰਮ੍ਰਿਤਸਰ ਵਿੱਚ ਪਾਰਟੀ ਦਾ ਮੁੱਖ ਦਫ਼ਤਰ ਸਥਾਪਿਤ ਕੀਤਾ, ਉਥੇ ਚੰਡੀਗੜ੍ਹ ਵਿੱਚ ਵੀ ਇਕ ਦਫ਼ਤਰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਕੋਰ ਕਮੇਟੀ ਦੀ ਮੀਟਿੰਗ ਮਗਰੋਂ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਐਲਾਨ ਕੀਤਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਉਹ ਕਿਸੇ ਨਾਲ ਵੀ ਸਿਆਸੀ ਏਕਤਾ ਕਰ ਸਕਦੇ ਹਨ। ਇਥੇ ਖਾਲਸਾ ਕਾਲਜ ਸਾਹਮਣੇ ਪਾਰਟੀ ਦਾ ਮੁੱਖ ਦਫ਼ਤਰ ਖੋਲ੍ਹਣ ਮਗਰੋਂ ਉਨ੍ਹਾਂ ਦੱਸਿਆ ਕਿ ਦਫ਼ਤਰ ਦੇ ਮੁੱਖ ਇੰਚਾਰਜ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਹੋਣਗੇ ਅਤੇ ਇਕ ਦਫ਼ਤਰ ਅਗਸਤ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਵਿੱਚ ਖੋਲ੍ਹਿਆ ਜਾਵੇਗਾ, ਜਿਸ ਦੇ ਇੰਚਾਰਜ ਪਾਰਟੀ ਦੇ ਜਨਰਲ ਸਕੱਤਰ ਕਰੈਨਲ ਸਿੰਘ ਪੀਰ ਮੁਹੰਮਦ ਹੋਣਗੇ। ਕੋਰ ਕਮੇਟੀ ਦੀ ਮੀਟਿੰਗ ਵਿੱਚ ਪੰਜ ਮਤੇ ਵੀ ਪਾਸ ਕੀਤੇ।
ਉਨ੍ਹਾਂ ਸੁਖਦੇਵ ਸਿੰਘ ਢੀਂਡਸਾ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਆਖਿਆ ਕਿ ਨਵੀਂ ਪਾਰਟੀ ਬਣਾਉਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਕਦੇ ਕੋਈ ਗੱਲ ਕੀਤੀ ਸੀ। ਉਨ੍ਹਾਂ ਆਖਿਆ, ‘‘ਜਦੋਂ ਸ੍ਰੀ ਢੀਂਡਸਾ ਮੈਨੂੰ ਮਿਲਣ ਲਈ ਘਰ ਆਏ ਸਨ ਤਾਂ ਮੈਂ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਪਾਰਟੀ ਵਿੱਚ ਫੁੱਟ ਨਾ ਪਾਇਓ, ਮੈਂ ਪ੍ਰਧਾਨ ਦਾ ਅਹੁਦਾ ਛੱਡਣ ਲਈ ਤਿਆਰ ਹਾਂ ਅਤੇ ਪਾਰਟੀ ਪ੍ਰਧਾਨ ਵਜੋਂ ਸਿਰੋਪਾ ਤੁਹਾਡੇ ਗਲੇ ਵਿੱਚ ਪਾ ਦਿਆਂਗਾ ਪਰ ਜਦੋਂ ਮੈਂ ਬਿਮਾਰ ਸੀ, ਮੇਰੀ ਸਲਾਹ ਤੋਂ ਬਗੈਰ ਨਵੀਂ ਪਾਰਟੀ ਬਣਾ ਲਈ।’’
ਕੇਂਦਰੀ ਤਿੰਨ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ ਨੂੰ ਇਹ ਬਿੱਲ ਵਾਪਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਹਰਸਿਮਰਤ ਕੌਰ ਬਾਦਲ ਨੂੰ ਆਖਿਆ ਕਿ ਜੇਕਰ ਉਹ ਪੰਜਾਬ ਦੇ ਕਿਸਾਨਾਂ ਦੀ ਹਿਤੈਸ਼ੀ ਹਨ ਤਾਂ ਇਸ ਬਿੱਲ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਆਪਣਾ ਅਸਤੀਫਾ ਦੇਣ। ਇਸ ਦੌਰਾਨ ਉਨ੍ਹਾਂ ਬਾਦਲ ਧੜੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਅਤੇ ਆਜ਼ਾਦ ਹਸਤੀ ਨੂੰ ਰੋਲਣ ਦਾ ਦੋਸ਼ੀ ਕਰਾਰ ਦਿੱਤਾ ਹੈ ਤੇ ਡੇਰਾ ਸਿਰਸਾ ਨਾਲ ਮਿਲੀ ਭੁਗਤ ਦੇ ਵੀ ਦੋਸ਼ ਲਾਏ ਹਨ। ਇਸ ਮਾਮਲੇ ਵਿੱਚ ਉਨ੍ਹਾਂ ਸ੍ਰੀ ਅਕਾਲ ਤਖ਼ਤ ਅਤੇ ਪੰਜਾਬ ਸਰਕਾਰ ਨੂੰ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਹੈ।
ਸ੍ਰੀ ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ, ਸੁਖਪਾਲ ਸਿੰਘ ਖਹਿਰਾ, ਬਸਪਾ ਤੇ ਹੋਰ ਕਈ ਪਾਰਟੀਆਂ ਦੇ ਆਗੂਆਂ ਨਾਲ ਉਨ੍ਹਾਂ ਦਾ ਸੰਪਰਕ ਬਣਿਆ ਹੋਇਆ ਹੈ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਇਨ੍ਹਾਂ ਸਮੂਹ ਪਾਰਟੀਆਂ ਦਾ ਤੀਜਾ ਗੱਠਜੋੜ ਬਣਾਉਣ ਦੇ ਹੱਕ ਵਿੱਚ ਹਨ ਤਾਂ ਜੋ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਹਰਾਇਆ ਜਾ ਸਕੇ। 267 ਪਾਵਨ ਸਰੂਪਾਂ ਦੀ ਜਾਂਚ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਨਿਰਪੱਖ ਜਾਂਚ ਹੋਈ ਤਾਂ ਕਈ ਵੱਡੇ ਖੁਲਾਸੇ ਸਾਹਮਣੇ ਆਉਣਗੇ। ਇਸ ਮੌਕੇ ਕਰਨੈਲ ਸਿੰਘ ਪੀਰ ਮੁਹੰਮਦ, ਗੁਰਪ੍ਰਤਾਪ ਸਿੰਘ ਰਿਆੜ, ਉਜਾਗਰ ਸਿੰਘ ਬੰਡਾਲੀ ਤੇ ਮਹਿੰਦਰ ਸਿੰਘ ਹੁਸੈਨਪੁਰ ਸਣੇ ਹੋਰ ਆਗੂ ਹਾਜ਼ਰ ਸਨ।