ਪੱਤਰ ਪ੍ਰੇਰਕ
ਮਹਿਲ ਕਲਾਂ, 27 ਨਵੰਬਰ
ਨਵੀਂ ਦਿੱਲੀ ਦੇ ਟਿਕਰੀ ਮੋਰਚੇ ਵਿੱਚ ਪਿਛਲੇ ਦਿਨੀਂ ਅਚਾਨਕ ਬਿਮਾਰ ਹੋਣ ਉਪਰੰਤ ਸ਼ਹੀਦ ਹੋਏ ਪਿੰਡ ਹਰਦਾਸਪੁਰਾ ਦੇ ਕਿਸਾਨ ਬਲਬੀਰ ਸਿੰਘ (49) ਦਾ ਅੱਜ ਉਸ ਦੇ ਜੱਦੀ ਪਿੰਡ ਹਰਦਾਸਪੁਰਾ ਵਿੱਚ ਸਸਕਾਰ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦਾ ਸਰਗਰਮ ਵਰਕਰ ਬਲਵੀਰ ਸਿੰਘ ਪੁੱਤਰ ਕੁਲਵੰਤ ਸਿੰਘ 26 ਨਵੰਬਰ ਦੇ ਸਮਾਗਮ ਵਿੱਚ ਹਿੱਸਾ ਲੈਣ ਲਈ ਕਿਸਾਨ ਕਾਫ਼ਲੇ ਨਾਲ ਦਿੱਲੀ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਅੱਜ ਸਸਕਾਰ ਸਮੇਂ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਰਾਜ ਹਰਦਾਸਪੁਰਾ ਅਤੇ ਨਰੈਣ ਦੱਤ ਨੇ ਕਿਹਾ ਕਿ ਬਲਬੀਰ ਸਿੰਘ ਬੇਜ਼ਮੀਨੇ ਕਿਸਾਨ ਪਰਿਵਾਰ ਨਾਲ ਸਬੰਧਤ ਸੀ ਪਰ ਉਸ ਦੀ ਜ਼ਮੀਰ ਜਾਗਦੀ ਸੀ, ਜਿਸ ਕਾਰਨ ਉਹ ਸਾਥੀ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਸ਼ਹੀਦ ਹੋਇਆ ਹੈ ਤੇ ਉਸ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ।