ਸਤਵਿੰਦਰ ਬਸਰਾ
ਲੁਧਿਆਣਾ, 5 ਜੁਲਾਈ
ਵਿਦਿਆਰਥੀ ਜਥੇਬੰਦੀ ‘ਸੱਥ’ ਵੱਲੋਂ ਮੱਤੇਵਾੜਾ ਜੰਗਲ ਬਚਾਉਣ ਲਈ ਦਿੱਤੇ ਸੱਦੇ ਨੂੰ ਪੰਜਾਬ ਭਰ ਤੋਂ ਭਰਵਾਂ ਹੁੰਗਾਰਾ ਮਿਲਿਆ। ‘ਸੱਥ’ ਵੱਲੋਂ ਮੱਤੇਵਾੜਾ ਦੇ ਬਟਰਫਲਾਈ ਬੋਟੈਨੀਕਲ ਪਾਰਕ ਵਿੱਚ ਕੀਤੇ ਇਕੱਠ ਦਾ ਸੱਦਾ ਮੱਤੇਵਾੜਾ ਜੰਗਲ ਦੀ ਜੜ੍ਹ ਅਤੇ ਸਤਲੁਜ ਦਰਿਆ ਦੇ ਕੰਢੀ ਇਲਾਕੇ ਵਿੱਚ ਬਣ ਰਹੇ ਸਨਅਤੀ ਖੇਤਰ ਨੂੰ ਰੋਕਣ ਲਈ ਕਾਰਵਾਈ ਦੀ ਯੋਜਨਾ ਬਣਾਉਣ ਲਈ ਦਿੱਤਾ ਗਿਆ ਸੀ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੇਖੋਵਾਲ ਪਿੰਡ ਦੀਆਂ ਜ਼ਮੀਨਾਂ ’ਤੇ ਜ਼ਬਰਦਸਤੀ ਗਲਾਡਾ ਨੂੰ ਸਨਅਤੀ ਪਾਰਕ ਬਣਾਉਣ ਲਈ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਥੇਬੰਦੀ ‘ਸੱਥ’ ਤੋਂ ਸੁਖਵਿੰਦਰ ਸਿੰਘ ਅਤੇ ਜੁਝਾਰ ਸਿੰਘ ਨੇ ਇਸ ਵਿਚਾਰ-ਵਟਾਂਦਰੇ ਦੀ ਮੇਜ਼ਬਾਨੀ ਕੀਤੀ। ਸੇਖੋਵਾਲ ਪਿੰਡ ਦੇ ਵਾਸੀ ਕਸ਼ਮੀਰ ਸਿੰਘ ਨੇ ਕਿਹਾ ਕਿ ਕਥਿਤ ਤੌਰ ’ਤੇ ਪਿੰਡ ਦੀ ਪੰਚਾਇਤ ਨੂੰ ਗੁਮਰਾਹ ਕਰਕੇ ਸਿਆਸੀ ਨੌਕਰਸ਼ਾਹੀ ਨੇ ਉਨ੍ਹਾਂ ਦੀ ਕੀਮਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਦਹਾਕੇ ਲੰਬੀ ਕਾਨੂੰਨੀ ਲੜਾਈ ਲੜ ਕੇ ਉਨ੍ਹਾਂ ਇਹ ਜ਼ਮੀਨ ਪ੍ਰਾਪਤ ਕੀਤੀ ਸੀ ਅਤੇ ਉਹ ਹਰ ਕੀਮਤ ’ਤੇ ਇਸ ਨੂੰ ਵਾਪਸ ਲੈ ਕੇ ਹਟਣਗੇ। ਕਾਰ ਸੇਵਾ ਖਡੂਰ ਸਾਹਿਬ ਦੇ ਪ੍ਰਤੀਨਿਧੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਪਿੰਡ ਵਾਸੀਆਂ ਅਤੇ ਇਸ ਜੰਗਲ ਦੇ ਹੱਕ ਵਿੱਚ ਖੜ੍ਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਸਲੇ ਨੂੰ ਉਹ ਸੰਯੁਕਤ ਰਾਸ਼ਟਰ ਕੋਲ ਵੀ ਚੁੱਕਣਗੇ। ਇਸ ਮੌਕੇ ਰਾਜਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਡਬਿਡਬਿਾ, ਵਾਤਾਵਰਨ ਕਾਰਕੁਨ ਗੰਗਵੀਰ ਰਾਠੌਰ, ਜੈਵਿਕ ਕਿਸਾਨ ਗੁਰਪ੍ਰੀਤ ਸਿੰਘ ਦਬੜ੍ਹੀਖਾਨਾ, ਰਮਿੰਦਰਜੀਤ ਸਿੰਘ ਵਾਸੂ , ਸ਼ਿਵਜੀਤ ਸਿੰਘ, ਰਾਜਪਾਲ ਸਿੰਘ, ਨਵੀਨ ਸਭਰਵਾਲ, ਮਨਿੰਦਰ ਸਿੰਘ ਅਤੇ ਰਾਜੇਸ਼ ਸ਼ਾਮਲ ਸਨ।