ਪੱਤਰ ਪ੍ਰੇਰਕ
ਮੋਰਿੰਡਾ, 28 ਦਸੰਬਰ
ਇਥੇ ਸਥਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਨੇੜੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਸਰਕਾਰ ਵੱਲੋਂ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਐਸੋਸੀਏਸ਼ਨ ਮੈਂਬਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਮਸਲੇ ਹੱਲ ਕੀਤੇ ਜਾਣ। ਇਸ ਮੌਕੇ ਪਾਲ ਸਿੰਘ ਮੋਰਿੰਡਾ, ਸੀਤਾ ਰਾਮ ਰਾਣਾ ਮੋਰਿੰਡਾ, ਮਾਘ ਸਿੰਘ, ਧਰਮਪਾਲ ਸਿੰਘ, ਜਸਵੰਤ ਸਿੰਘ, ਅਮਰਜੀਤ ਸਿੰਘ, ਗੁਰਮੁਖ ਸਿੰਘ ਆਦਿ ਮੌਜੂਦ ਸਨ।
ਇਸੇ ਤਰ੍ਹਾਂ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੱਦੇ ’ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਪਲਾਂਟ ਕਜੌਲੀ ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਮੁਲਾਜ਼ਮਾਂ ਦੇ ਇਕੱਠ ਨੂੰ ਟੈਕਨੀਕਲ ਅਤੇੇ ਮਕੈਨੀਕਲ ਐਂਪਲਾਈਜ਼ ਯੂਨੀਅਨ ਬ੍ਰਾਂਚ ਮੁਹਾਲੀ ਦੇ ਪ੍ਰਧਾਨ ਬਲਜਿੰਦਰ ਸਿੰਘ ਕਜੌਲੀ ਅਤੇ ਆਊਟਸੋਰਸਿੰਗ ਯੂਨੀਅਨ ਦੇ ਪ੍ਰਧਾਨ ਦਲਵੀਰ ਸਿੰਘ ਕਜੌਲੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਜੌਲੀ ਪਲਾਂਟ ਮੁੱਖ ਮੰਤਰੀ ਦੇ ਹਲਕੇ ਅਧੀਨ ਪੈਂਦਾ ਹੈ ਪਰ ਕਜੌਲੀ ਵਰਕਰਾਂ ਵੱਲੋਂ ਦਸ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਅੱਜ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ।