ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਜੁਲਾਈ
ਧਰਮਕੋਟ ’ਚ ਅੱਜ ਸਵੇਰੇ ਹਥਿਆਰਬੰਦ ਨਕਾਬਪੋਸ਼ਾਂ ਨੇ ਮੈਡੀਕਲ ਸਟੋਰ ਮਾਲਕ ਨੂੰ ਗੱਡੀ ਸਮੇਤ ਅਗਵਾ ਕਰ ਲਿਆ ਗਿਆ। ਪੁਲੀਸ ਨੇ ਪਿੱਛਾ ਕਰਕੇ ਅਗਵਾਕਾਰ ਦਬੋਚ ਲਏ ਹਨ ਪਰ ਪੁਲੀਸ ਨੇ ਇਸ ਦੀ ਅਧਿਕਾਰਤ ਤੌਰ ਉੱਤੇ ਪੁਸ਼ਟੀ ਨਹੀਂ ਕੀਤੀ। ਪਿੰਡ ਘੱਲਕਲਾਂ ਵਿੱਚ ਵੀ ਲੰਘੀ ਰਾਤ ਕਾਰ ਸਵਾਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਧਰਮਕੋਟ ਵਿੱਚ ਦੋ ਦਿਨ ਅੰਦਰ ਤੀਜੀ ਵੱਡੀ ਵਾਰਦਾਤ ਹੋਈ ਹੈ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਕਿਹਾ ਕਿ ਅਗਵਾਕਾਰ ਜਲਦੀ ਹੀ ਫੜੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਵਾਰਦਾਤ ਨਸ਼ੇੜੀ ਨੌਜਵਾਨਾਂ ਵੱਲੋਂ ਫ਼ਿਰੌਤੀ ਲਈ ਕੀਤੀ ਗਈ ਹੈ। ਸੁਖਦੇਵ ਸਿੰਘ ਪਿੰਡ ਸੰਗਲਾ ਦਾ ਧਰਮਕੋਟ ਵਿਖੇ ਮੈਡੀਕਲ ਸਟੋਰ ਹੈ ਅਤੇ ਮਨੀਂਚੇਂਜਰ ਹੈ। ਉਹ ਅੱਜ ਸਵੇਰੇ ਤਕਰੀਬਨ 7 ਵਜੇ ਆਪਣੀ ਗੱਡੀ ਉੱਤੇ ਮੈਡੀਕਲ ਸਟੋਰ ਖੋਲ੍ਹਣ ਲਈ ਧਰਮਕੋਟ ਪੁੱਜਾ।
ਉਹ ਆਪਣੀ ਗੱਡੀ ਪਾਰਕਿੰਗ ਕਰਕੇ ਬਾਹਰ ਨਿਕਲਣ ਲੱਗਾ ਤਾਂ ਉਥੇ ਪਹਿਲਾਂ ਹੀ ਘੁੰਮ ਰਹੇ ਨਕਾਬਪੋਸ਼ ਬਦਮਾਸ਼ਾਂ ਨੇ ਪਿਸਤੌਲ ਤਾਣਕੇ ਉਸੇ ਦੀ ਹੀ ਗੱਡੀ ਵਿੱਚ ਸੁੱਟ ਲਿਆ। ਇੱਕ ਬਦਮਾਸ਼ ਨੇ ਪਿਸਤੌਲ ਤਾਣੀ ਰੱਖੀ ਅਤੇ ਦੂਜੇ ਨੇ ਗੱਡੀ ਭਜਾ ਲਈ। ਬਦਮਾਸ਼ਾਂ ਦੀ ਗਿਣਤੀ ਤਿੰਨ ਦੱਸੀ ਜਾਂਦੀ ਹੈ ਉਹ ਇਨੋਵਾ ਗੱਡੀ ਵਿੱਚ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਅਤੇ ਸੀਆਈਏ ਸਟਾਫ਼,ਧਰਮਕੋਟ ਨੇ ਅਗਵਾਕਾਰਾਂ ਨੂੰ ਪਿੰਡ ਫ਼ਤਿਹਗੜ੍ਹ ਕੋਰੋਟਾਣਾ ਤੋਂ ਰੌਲੀ ਲਿੰਕ ਰੋਡ ਉੱਤੇ ਘੇਰਾ ਪਾ ਕੇ ਦਬੋਚ ਲਿਆ ਅਤੇ ਮੈਡੀਕਲ ਸਟੋਰ ਮਾਲਕ ਨੂੰ ਚੁੰਗਲ ’ਚੋਂ ਛੁਡਵਾ ਲਿਆ। ਬੀਤੀ ਦੇਰ ਸ਼ਾਮ ਨੂੰ ਥਾਣਾ ਸਦਰ ਅਧੀਨ ਪਿੰਡ ਘੱਲਕਲਾਂ ਵਿਖੇ ਕਾਰ ਸਵਾਰਾਂ ਵੱਲੋਂ ਹਵਾਈ ਫ਼ਾਇਰਿੰਗ ਕਰਨ ਦਾ ਪਤਾ ਲੱਗਾ ਹੈ। ਥਾਣਾ ਸਦਰ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਅਤੇ ਮੁਲਜਮਾਂ ਬਾਰੇ ਸੁਰਾਗ ਲਗਾ ਲਿਆ ਗਿਆ ਹੈ।