ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 29 ਅਗਸਤ
ਕੇਂਦਰੀ ਰਾਜ ਮੰਤਰੀ ਤੇ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਨੇ ਧਾਰੀਵਾਲ ਪਹੁੰਚ ਕੇ ਸ਼ਹਿਰ ਵਿੱਚ ਲੰਘਦੀ ਅੱਪਰਬਾਰੀ ਨਹਿਰ ਕਿਨਾਰੇ ਝੁੱਗੀ-ਝੌਂਪੜੀ ਰਾਜੀਵ ਕਲੋਨੀ ਵਾਸੀਆਂ ਵੱਲੋਂ ਤਿਆਰ ਕੀਤਾ ਖਾਣਾ ਖਾਧਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਝੁੱਗੀ-ਝੌਂਪੜੀ ਰਾਜੀਵ ਕਲੋਨੀ ਵਾਸੀ ਲੋਕਾਂ ਨੇ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਦਿੰਦਿਆਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਦੇਣ ਅਤੇ ਬਿਜਲੀ ਬਿੱਲ ਮੁਆਫ਼ ਕਰਨ ਦੀ ਮੰਗ ਕੀਤੀ। ਮੀਨਾਕਸ਼ੀ ਲੇਖੀ ਨੇ ਉਨ੍ਹਾਂ ਦੀਆਂ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਵੂਲਨ ਮਿੱਲ ਧਾਰੀਵਾਲ ਦੇ ਮੁਲਾਜ਼ਮ/ਮਜ਼ਦੂਰ ਆਗੂ ਨਰਿੰਦਰ ਸਿੰਘ ਤੇ ਸਾਥੀਆਂ ਦਾ ਵਫ਼ਦ ਭਾਜਪਾ ਮੰਡਲ ਧਾਰੀਵਾਲ ਦੇ ਪ੍ਰਧਾਨ ਨਵਨੀਤ ਵਿੱਜ ਦੀ ਅਗਵਾਈ ’ਚ ਕੇਂਦਰੀ ਮੰਤਰੀ ਲੇਖੀ ਨੂੰ ਮਿਲਿਆ ਅਤੇ ਮਿੱਲ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਵਫ਼ਦ ਨੇ ਮੰਤਰੀ ਨੂੰ ਦੱਸਿਆ ਕਿ ਮਿੱਲ ਦੇ ਮਜ਼ਦੂਰਾਂ ਨੂੰ ਲਗਪਗ ਸਾਢੇ ਚਾਰ ਸਾਲ ਤੋਂ ਤਨਖਾਹਾਂ ਨਹੀਂ ਮਿਲੀਆਂ ਅਤੇ ਸੇਵਾਮੁਕਤ ਹੋਏ ਮਿੱਲ ਮਜ਼ਦੂਰਾਂ ਨੂੰ ਵੀ ਬਣਦਾ ਕੋਈ ਲਾਭ ਹਾਲੇ ਤੱਕ ਨਹੀਂ ਮਿਲਿਆ। ਤਨਖਾਹਾਂ ਨਾ ਮਿਲਣ ਕਾਰਨ ਮਿੱਲ ਮਜ਼ਦੂਰਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਮਿੱਲ ਮਜ਼ਦੂਰਾਂ ਨੂੰ ਭਰੋਸਾ ਦਿੱਤਾ ਕਿ ਇਹ ਮੰਗ ਉਹ ਕੇਂਦਰੀ ਕੱਪੜਾ ਮੰਤਰੀ ਅੱਗੇ ਰੱਖਣਗੇ ਅਤੇ ਮਜ਼ਦੂਰਾਂ ਦੀਆਂ ਬਕਾਇਆ ਤਨਖਾਹਾਂ ਤੇ ਹੋਰ ਲਾਭ ਜਲਦ ਦਿਵਾਏ ਜਾਣਗੇ। ਇਸ ਮੌਕੇ ਇਸ ਮੌਕੇ ਭਾਜਪਾ ਦੇ ਪੰਜਾਬ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਭਾਜਪਾ ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਰਾਜਿੰਦਰ ਬਿੱਟਾ ਆਦਿ ਮੌਜੂਦ ਸਨ।