ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਜੁਲਾਈ
ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਲੋਕ ਸਭਾ ਵਿੱਚ ਮਾਲਵਾ ਖੇਤਰ ਲਈ ਰਾਜਪੁਰਾ-ਚੰਡੀਗੜ੍ਹ ਨੂੰ ਰੇਲ ਰਾਹੀਂ ਜੋੜਨ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਮਾਲਵਾ ਦੇ ਲੋਕ ਸਿਹਤ ਸਹੂਲਤਾਂ, ਪੜ੍ਹਾਈ ਤੇ ਸਰਕਾਰੀ ਕੰਮਕਾਜ ਲਈ ਚੰਡੀਗੜ੍ਹ ’ਤੇ ਨਿਰਭਰ ਹਨ। ਇਸ ਲਈ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਵਿਛਾਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਕ ਸਿਆਸੀ ਪਰਿਵਾਰ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਅਜਿਹਾ ਨਹੀਂ ਹੋਣ ਦਿੱਤਾ ਗਿਆ, ਪਰ ਹੁਣ ‘ਆਪ’ ਦੀ ਸਰਕਾਰ ਕੇਂਦਰ ਨੂੰ ਰੇਲ ਲਾਈਨ ਲਈ ਪੂਰਾ ਸਹਿਯੋਗ ਕਰੇਗੀ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਤੋਂ ਰੇਲ ਵਿੱਚ ਬਜ਼ੁਰਗਾਂ ਨੂੰ ਛੋਟ ਦੇਣੀ ਬੰਦ ਕੀਤੀ ਹੋਈ ਹੈ, ਉਸ ਨੂੰ ਮੁੜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਟਰਾਂਸਜੇਂਡਰ ਤੇ ਔਰਤਾਂ ਨੂੰ ਮਿਲਣ ਵਾਲੀ ਛੋਟ ਮੁੜ ਸ਼ੁਰੂ ਕੀਤੀ ਜਾਵੇ।