ਪੱਤਰ ਪ੍ਰੇਰਕ
ਪਠਾਨਕੋਟ, 28 ਸਤੰਬਰ
ਸਟੇਟ ਪੈਨਸ਼ਨਰਜ਼ ਜਾਇੰਟ ਫਰੰਟ ਜ਼ਿਲ੍ਹਾ ਪਠਾਨਕੋਟ ਵੱਲੋਂ ਮੀਟਿੰਗ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਕੀਤੀ ਗਈ। ਇਸ ਵਿੱਚ ਕਨਵੀਨਰ ਕਾਮਰੇਡ ਬਿਕਰਮਜੀਤ, ਮਾਸਟਰ ਸਤਿਆ ਪ੍ਰਕਾਸ਼, ਡਾ. ਲੇਖ ਰਾਜ, ਜਨਰਲ ਸਕੱਤਰ ਚਮਨ ਲਾਲ ਗੁਪਤਾ, ਸਰਪ੍ਰਸਤ ਸੁਰਿੰਦਰ ਸਲਵਾਨ, ਡੀਟੀਓ ਯੁਧਵੀਰ ਸੈਣੀ ਅਤੇ ਪਾਵਰਕੌਮ ਪੈਨਸ਼ਨਰਜ਼ ਪ੍ਰਧਾਨ ਹੰਸ ਰਾਜ ਸਿੰਘ ਹਾਜ਼ਰ ਹੋਏ। ਸਮੂਹ ਆਗੂਆਂ ਨੇ ਪਿਛਲੀ ਕੈਪਟਨ ਸਰਕਾਰ ਨੂੰ ਹੈਂਕੜਬਾਜ਼ ਦੱਸਦਿਆਂ ਕਿਹਾ ਕਿ ਪਿਛਲੇ ਕਰੀਬ 4 ਸਾਲ ਮੁਲਾਜ਼ਮ ਅਤੇ ਪੈਨਸ਼ਨਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ ’ਤੇ ਰਹੇ, ਜਿਸ ਵਿੱਚ ਉਨ੍ਹਾਂ ਦਾ ਲੱਖਾਂ ਰੁਪਏ, ਕੀਮਤੀ ਸਮਾਂ ਅਤੇ ਸ਼ਕਤੀ ਦਾ ਨੁਕਸਾਨ ਹੋਇਆ। ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਨੇ ਕਿਹਾ ਕਿ ਪਿਛਲੇ ਦਿਨੀਂ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਕੀਤੀਆਂ ਗਈਆਂ ਸ਼ਲਾਘਾਯੋਗ ਟਿੱਪਣੀਆਂ ਨਾਲ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਇੱਕ ਨਵੀਂ ਆਸ ਨਜ਼ਰ ਆਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 1 ਜਨਵਰੀ 2016 ਨੂੰ 125 ਫ਼ੀਸਦ ਡੀਏ ਨੂੰ ਅਧਾਰ ਮੰਨ ਕੇ 20 ਫ਼ੀਸਦ ਵਾਧੇ ਦੇ ਨਾਲ ਪੈਨਸ਼ਨਰਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਤੇ ਉਸ ਉਪਰ ਬਣਦਾ ਹੁਣ ਤੱਕ ਦਾ 28 ਫ਼ੀਸਦ ਡੀਏ ਦਿੱਤਾ ਜਾਵੇ।