ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਨਵੰਬਰ
ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਵਫ਼ਦ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਚੰਡੀਗੜ੍ਹ ਸਥਿਤ ਦਫ਼ਤਰ ’ਚ ਮੁਲਾਕਾਤ ਕੀਤੀ।
ਇਸ ਮੌਕੇ ਉਨ੍ਹਾਂ ਔਰਤਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਮੰਗ ਪੱਤਰ ਸੌਂਪਿਆ। ਮੰਚ ਦੀ ਸਕੱਤਰ ਅਮਨਦੀਪ ਕੌਰ ਨੇ ਦੱਸਿਆ ਕਿ ਸੂਬੇ ਵਿੱਚ ਲਗਾਤਾਰ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜਿਸ ਕਾਰਨ ਔਰਤਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸਮਾਜ ਦੀ ਸਮੁੱਚੀ ਜਾਇਦਾਦ ਵਿੱਚ ਹਿੱਸੇਦਾਰੀ ਨਾਂਮਾਤਰ ਹੋਣ ਕਰ ਕੇ ਅਜਿਹਾ ਵਾਪਰ ਰਿਹਾ ਹੈ। ਹਜ਼ਾਰਾਂ ਲੜਕੀਆਂ ਦੇ ਕੇਸ ਅਦਾਲਤਾਂ ਵਿੱਚ ਚੱਲ ਰਹੇ ਹਨ, ਜੋ ਕਿ ਕਈ-ਕਈ ਸਾਲ ਚੱਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਾਰੰਟ ਜਾਰੀ ਹੋਣ ਦੇ ਬਾਵਜੂਦ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਜਿਸ ਕਾਰਨ ਔਰਤਾਂ ਨੂੰ ਇਨਸਾਫ਼ ਦੀ ਕੋਈ ਵੀ ਕਿਰਨ ਨਜ਼ਰ ਨਹੀਂ ਆ ਰਹੀ।
ਇਸਤਰੀ ਜਾਗ੍ਰਿਤੀ ਮੰਚ ਦੇ ਆਗੂਆਂ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੋਂ ਮੰਗ ਕੀਤੀ ਕਿ ਸਰਕਾਰ ਦੁਆਰਾ ਪੀੜਤ ਲੜਕੀਆਂ ਨੂੰ ਖਰਚਾ ਸਰਕਾਰੀ ਖਜ਼ਾਨੇ ਵਿੱਚੋਂ ਦਿੱਤਾ ਜਾਵੇ ਨਹੀਂ ਤਾਂ ਅਦਾਲਤਾਂ ਨੂੰ ਪਾਬੰਦ ਕੀਤਾ ਜਾਵੇ। ਬੇਸਹਾਰਾ ਪੀੜਤ ਲੜਕੀਆਂ ਦੇ ਵਸੇਬੇ ਲਈ ਹਰੇਕ ਜ਼ਿਲ੍ਹੇ ਵਿੱਚ ਸ਼ੈਲਟਰ ਹੋਮ ਬਣਾਉਣੇ ਯਕੀਨੀ ਬਣਾਏ ਜਾਣ। ਪੀੜਤ ਲੜਕੀਆਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਔਰਤਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਤੁਰੰਤ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਜਗਜੀਤ ਕੌਰ ਅਤੇ ਸੰਦੀਪ ਕੌਰ ਹਾਜ਼ਰ ਸਨ।