ਸਤਵਿੰਦਰ ਬਸਰਾ
ਲੁਧਿਆਣਾ, 17 ਅਗਸਤ
ਮੱਤੇਵਾੜਾ ਟੈਕਸਟਾਈਲ ਪਾਰਕ (ਮਾਡਰਨ ਇੰਡਸਟਰੀਅਲ ਪਾਰਕ) ’ਤੇ ਰੋਕ ਲਵਾਉਣ ਲਈ ਅੱਜ ਵੱਖ-ਵੱਖ ਵਾਤਾਵਰਨ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਵਫ਼ਦ ਐੱਨਜੀਟੀ ਨਿਗਰਾਨ ਕਮੇਟੀ ਸਤਲੁਜ ਬਿਆਸ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੂੰ ਮਿਲਿਆ। ਇਸ ਮੌਕੇ ‘ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਦੇ ਪ੍ਰਧਾਨ ਅਤੇ ‘ਨਰੋਆ ਪੰਜਾਬ ਮੰਚ’ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਕਈ ਦਹਾਕਿਆਂ ਤੋਂ ਮਾਲਵਾ ਅਤੇ ਰਾਜਸਥਾਨ ਦੇ ਲੋਕ ਸਤਲੁਜ ਦਾ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਹਨ। ਬੁੱਢਾ ਨਾਲੇ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ। ਸਰਕਾਰ ਦੇ 650 ਕਰੋੜ ਵਾਲੇ ‘ਬੁੱਢਾ ਦਰਿਆ ਮੁੜ ਸੁਰਜੀਤੀ ਪ੍ਰਾਜੈਕਟ’ ਦੀ ਗਲ ਤੁਰਨ ਨਾਲ ਪ੍ਰਦੂਸ਼ਣ ਘਟਣ ਦੀ ਜੋ ਆਸ ਬੱਝੀ ਸੀ, ਉਸ ’ਤੇ ਮੱਤੇਵਾੜਾ ਦੇ ਸਨਅਤੀ ਪਾਰਕ ਦੀ ਖ਼ਬਰ ਨਾਲ ਪਾਣੀ ਫਿਰਦਾ ਜਾਪ ਰਿਹਾ ਹੈ।
ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗਲਾਡਾ ਨੇ ਸਨਅਤੀ ਪਾਰਕ ਦਾ ਨਾਂ ਮੱਤੇਵਾੜਾ ਟੈਕਸਟਾਈਲ ਪਾਰਕ ਤੋਂ ਬਦਲ ਕੇ ਮਾਡਰਨ ਇੰਡਸਟਰੀਅਲ ਪਾਰਕ ਕੂਮਕਲਾਂ ਰੱਖ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪੰਜਾਬ ਦੇ ਭਵਿੱਖ ਨਾਲ ਜੁੜੇ ਇਸ ਗੰਭੀਰ ਮੁੱਦੇ ’ਤੇ ਸਾਂਝੀ ਲੜਾਈ ਵਿੱਢਣ ਦੀ ਅਪੀਲ ਕੀਤੀ। ਜਸਕੀਰਤ ਸਿੰਘ ਨੇ ਦੱਸਿਆ ਕਿ ਜਸਟਿਸ ਜਸਬੀਰ ਸਿੰਘ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣਦਿਆਂ ਉਨ੍ਹਾਂ ਨੂੰ ਇਸ ਸਬੰਧੀ ਪੰਜਾਬ ਸਰਕਾਰ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਹੈ।
ਲੁਧਿਆਣਾ ਤੇ ਜਲੰਧਰ ਵਿੱਚ ਹੜ੍ਹਾਂ ਦਾ ਖ਼ਤਰਾ ਵਧਣ ਦਾ ਖਦਸ਼ਾ
ਕੌਂਸਲ ਆਫ਼ ਇੰਜਨੀਅਰਜ਼ ਦੇ ਪ੍ਰਧਾਨ ਕਪਿਲ ਅਰੋੜਾ ਨੇ ਦੱਸਿਆ ਕਿ ਮੱਤੇਵਾੜਾ ਦਾ ਸਨਅਤੀ ਪਾਰਕ ਜਿਸ ਜ਼ਮੀਨ ’ਤੇ ਵਿਕਸਿਤ ਹੋਣ ਜਾ ਰਿਹਾ ਹੈ, ਉਹ ਸਤਲੁਜ ਦੇ ਫਲੱਡ ਪਲੈਨ ਦਾ ਹਿੱਸਾ ਹੈ ਅਤੇ ਧੁੱਸੀ ਬੰਨ੍ਹ ਦੇ ਬਿਲਕੁਲ ਨਾਲ ਹੈ। ਇੱਥੇ ਸਨਅਤ ਲੱਗਣ ਨਾਲ ਵਾਤਾਵਰਨ ਦਾ ਬਹੁਤ ਨੁਕਸਾਨ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਲੁਧਿਆਣਾ ਅਤੇ ਜਲੰਧਰ ਵਿੱਚ ਹੜ੍ਹਾਂ ਦਾ ਖ਼ਤਰਾ ਵਧ ਜਾਵੇਗਾ।