ਬਹਾਦਰਜੀਤ ਿਸੰਘ
ਰੂਪਨਗਰ, 6 ਜੁਲਾਈ
ਰੂਪਨਗਰ ਸ਼ਹਿਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਚ ਹੋਈ, ਜਿਸ ਦੀ ਪ੍ਰਧਾਨਗੀ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕੀਤੀ।
ਮੀਟਿੰਗ ਦੌਰਾਨ ਡਾ. ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਸਬੰਧੀ ਡਿਊਟੀਆਂ ਲਗਾਈਆਂ। ਉਨ੍ਹਾਂ ਕਿਹਾ ਕਿ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੋਸ ਮੁਜ਼ਾਹਰੇ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ ਕਿ ਦੋਵੇਂ ਸਰਕਾਰਾਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਘੱਟ ਕਰਨ। ਇਸ ਮੌਕੇ ਇਹ ਵੀ ਫੈ਼ਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ, ਸੋਈ, ਇਸਤਰੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਵਰਕਰ ਬੇਲਾ ਚੌਕ ਰੂਪਨਗਰ ਵਿਚ ਸਵੇਰੇ ਮੇਨ ਬਾਜ਼ਾਰ ਤੋਂ ਹੁੰਦੇ ਹੋਏ ਨਗਰ ਕੌਂਸਲ ਦੇ ਦਫ਼ਤਰ ਤੱਕ ਰੋਸ ਰੈਲੀ ਕੱਢਣਗੇ।
ਖਰੜ (ਸ਼ਸੀਪਾਲ ਜੈਨ): ਸ਼੍ਰੋਮਣੀ ਅਕਾਲੀ ਦਲ ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਦੀ ਅਗਵਾਈ ਹੇਠ 7 ਜੁਲਾਈ ਨੂੰ ਦਸਹਿਰਾ ਗਰਾਊਂਡ ਵਿਚ ਧਰਨਾ ਦਿੱਤਾ ਜਾਵੇਗਾ। ਇਹ ਜਾਣਕਾਰੀ ਜਗਜੀਤ ਸਿੰਘ ਗਿੱਲ ਨੇ ਦਿੱਤੀ।
ਖਮਾਣੋਂ (ਜਗਜੀਤ ਕੁਮਾਰ): ਅਕਾਲੀ ਦਲ ਹਲਕਾ ਬਸੀ ਪਠਾਣਾਂ ਦੇ ਹਲਕਾ ਸੇਵਾਦਾਰ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਗੋਬਿੰਦਗੜ ਸਾਹਿਬ ਰਾਣਵਾਂ ਵਿਚ ਸਰਕਲ ਖਮਾਣੋਂ ਦੇ ਅਕਾਲੀ ਵਰਕਰਾਂ ਅਤੇ ਅਹੁਦੇਦਾਰਾ ਦੀ ਇੱਕ ਮਾਟਿੰਗ ਹੋਈ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਹਲਕਾ ਸੇਵਾਦਾਰ ਦਰਬਾਰਾ ਸਿੰਘ ਗੁਰੂ ਅਤੇ ਜਗਦੀਪ ਸਿੰਘ ਚੀਮਾ ਸੀਨੀਅਰ ਅਕਾਲੀ ਨੇ ਦੱਸਿਆ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਹਰ ਰੋਜ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਕਾਰਨ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ 7 ਜੁਲਾਈ ਦਿਨ ਮੰਗਲਵਾਰ ਨੂੰ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹਲਕਾ ਬਸੀ ਪਠਾਣਾ ਵਿੱਚ ਵੀ ਸ਼੍ਰੋਮਣੀ ਅਕਾਲੀ ਦੇ ਵਰਕਰਾਂ ਆਗੂਆਂ ਅਤੇ ਅਹੁਦੇਦਾਰਾ ਵੱਲੋ ਵਿਆਪਕ ਸ਼ਾਤਮਈ ਰੋਸ ਮੁਜ਼ਾਹਰੇ ਬਸੀ ਪਠਾਣਾਂ, ਚੁੰਨੀ ਤੇ ਖਮਾਣੋਂ, ਸੰਘੋਲ ਅਤੇ ਭੜੀ ਵਿੱਚ ਸਵੇਰੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦੋਵੇਂ ਸਰਕਾਰਾਂ ਨੂੰ 10-10 ਰੁਪਏ ਘੱਟ ਕਰਨ ਦੀ ਮੰਗ ਕਰਦਾ ਹੈ।