ਦਵਿੰਦਰ ਸਿੰਘ
ਯਮੁਨਾਨਗਰ, 27 ਨਵੰਬਰ
ਇੱਥੋਂ ਦਾ ਪ੍ਰਸਿੱਧ ਇਤਿਹਾਸਕ ਤੇ ਧਾਰਮਿਕ ਮੇਲਾ ਕਪਾਲ ਮੋਚਨ ਮੁੱਖ ਇਸ਼ਨਾਨ ਤੋਂ ਬਾਅਦ ਸਮਾਪਤ ਹੋ ਗਿਆ। ਇਸ ਵਾਰ ਕੱਤਕ ਦੇ ਮਹੀਨੇ ਵਿੱਚ 23 ਨਵੰਬਰ ਤੋਂ 27 ਨਵੰਬਰ ਤੱਕ ਚੱਲੇ ਮੇਲੇ ਵਿੱਚ ਲਗਪਗ 8.50 ਲੱਖ ਸ਼ਰਧਾਲੂਆਂ ਨੇ ਤਿੰਨਾਂ ਸਰਵੋਰਾਂ ’ਚ ਇਸ਼ਨਾਨ ਕੀਤਾ ਅਤੇ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ। ਦੇਸ਼ ਦੇ ਹੋਰਨਾਂ ਹਿੱਸਿਆਂ ਖਾਸ ਕਰਕੇ ਪੰਜਾਬ ਤੋਂ ਵੱਡੀ ਗਿਣਤੀ ’ਚ ਪੁੱਜੇ ਸ਼ਰਧਾਲੂਆਂ ਨੇ ਇਸ਼ਨਾਨ ਕਰਕੇ ਮੱਥਾ ਟੇਕਿਆ। ਇਹ ਮੇਲਾ ਮੁੱਖ ਮੇਲਾ ਪ੍ਰਬੰਧਕ ਅਤੇ ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਆਯੂਸ਼ ਸਿਨਹਾ ਤੇ ਮੇਲੇ ਦੇ ਪ੍ਰਬੰਧਕ ਅਤੇ ਐਸਡੀਐਮ ਬਿਲਾਸਪੁਰ ਜਸਪਾਲ ਸਿੰਘ ਗਿੱਲ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਅਧਿਕਾਰੀ ਤੇ ਕਰਮਚਾਰੀ ਮੇਲੇ ਵਿੱਚ ਦਿਨ ਰਾਤ ਡਿਊਟੀ ’ਤੇ ਰਹੇ। ਮੇਲੇ ਵਿੱਚ ਇੰਨੀ ਭਾਰੀ ਭੀੜ ਹੋਣ ਦੇ ਬਾਵਜੂਦ ਕਿਧਰੇ ਵੀ ਕੋਈ ਅਸੁਵਿਧਾ ਨਜ਼ਰ ਨਹੀਂ ਆਈ। ਉਨ੍ਹਾਂ ਦੱਸਿਆ ਸ੍ਰੀ ਕਪਾਲ ਮੋਚਨ ਮੇਲੇ ਵਿੱਚ ਪੰਜਾਬ ਤੋਂ ਸ਼ਰਧਾਲੂਆਂ ਦੀ ਗਿਣਤੀ ਸਭ ਤੋਂ ਵੱਧ ਸੀ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਤੀਰਥਰਾਜ ਕਪਾਲ ਮੋਚਨ ਵਿਖੇ ਮਨਾਉਣ ਆਏ ਸ਼ਰਧਾਲੂਆਂ ਨੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ, ਆਤਿਸ਼ਬਾਜ਼ੀ ਕੀਤੀ।